ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਰਾਜ ਪੱਧਰੀ ਰੁਜ਼ਗਾਰ ਮੇਲੇ ਦਾ ਆਯੋਜਨ

Firozpur Punjab

ਫ਼ਿਰੋਜ਼ਪੁਰ (ਪੰਕਜ ਕੁਮਾਰ ) ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੇ ਤਹਿਤ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਾਅਦੇ ਨੂੰ ਅੱਗੇ ਵਧਾਉਂਦੇ ਹੋਏ ਸੂਬਾ ਸਰਕਾਰ ਵੱਲੋਂ ਪੰਜਾਬ ਦੀਆਂ ਵੱਖ ਵੱਖ ਤਕਨੀਕੀ ਸੰਸਥਾਵਾਂ ਵਿਚ ਲਗਾਏ ਗਏ ਰੁਜ਼ਗਾਰ ਮੇਲਿਆਂ ਤਹਿਤ 50 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਮਿਥਿਆ ਗਿਆ ਹੈ। ਇਹ ਪ੍ਰਗਟਾਵਾ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਵਿਖੇ ਦੂਜੇ ਰਾਜ ਪੱਧਰੀ ਰੁਜ਼ਗਾਰ ਮੇਲੇ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।  ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਉਣ ਲਈ ਪੂਰੇ ਸੂਬੇ ਵਿਚ ਵੱਖ-ਵੱਖ ਥਾਵਾਂ ਤੇ ਰੁਜ਼ਗਾਰ ਮੇਲੇ ਲਗਵਾਏ ਜਾ ਰਹੇ ਹਨ ਜਿਸ ਵਿਚ ਲਗਭਗ 1700 ਦੇ ਕਰੀਬ ਵੱਖ-ਵੱਖ ਕੰਪਨੀਆਂ/ਸੰਸਥਾਵਾਂ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਚਰਨਜੀਤ ਸਿੰਘ ਚੰਨੀ ਨੇ ਇਹ ਵੀ ਦੱਸਿਆ ਕਿ ਸਿੱਖਿਆ ਵਿਚ ਸੁਧਾਰ ਲਈ ਸਰਕਾਰ ਵੱਲੋਂ ਨਕਲ ਰੋਕਣ ਅਤੇ ਕੰਪਨੀਆਂ ਦੀ ਲੋੜ ਮੁਤਾਬਿਕ ਸਲੈਬਸ ਨੂੰ ਬਦਲਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।  ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਆਗਾਮੀ ਵਿੱਦਿਅਕ ਸੈਸ਼ਨ ਤੋਂ ਆਈ.ਟੀ.ਆਈ ਅਤੇ ਪੋਲੀਟੈਕਨਿਕ ਸੰਸਥਾਵਾਂ ਵਿਚ ਸਿਲੇਬਸ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਮਾਧਿਅਮ ਵਿਚ ਪੜ੍ਹਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਹ ਸਹੂਲਤ ਬਾਅਦ ਵਿਚ ਪੀ.ਐੱਚ.ਡੀ ਤੱਕ ਦੇ ਕੋਰਸਾਂ ਵਿਚ ਵੀ ਦਿੱਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਇਸ ਰੁਜ਼ਗਾਰ ਮੇਲਿਆਂ ਤੋਂ ਇਲਾਵਾ ਸਰਕਾਰ ਵੱਲੋਂ ਬੇਰੁਜ਼ਗਾਰਾਂ ਵੱਲੋਂ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਨ ਅਤੇ ਨੋਜਵਾਨਾਂ ਵਿਚ ਸਕਿੱਲ ਵਧਾਉਣ ਲਈ ਵੀ ਇਸੇ ਤਰ੍ਹਾਂ ਦੇ ਮੇਲੇ ਲਗਾਏ ਜਾਣਗੇ। ਇਸ ਮੌਕੇ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਤਕਨੀਕੀ ਸਿੱਖਿਆ ਮੰਤਰੀ ਵੱਲੋਂ ਘਰ ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰੁਜ਼ਗਾਰ ਮੇਲਿਆਂ ਕਾਰਨ ਬੇਰੁਜ਼ਗਾਰਾਂ ਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਲੜਕੇ-ਲੜਕੀਆਂ ਨੂੰ ਪੜਾਈ ਦੀ ਵਧੀਆ ਸਹੂਲਤ ਮੁਹੱਈਆ ਕਰਵਾਉਣ ਲਈ ਫ਼ਿਰੋਜ਼ਪੁਰ ਦਿਹਾਤੀ ਹਲਕੇ ਵਿਚ ਜਲਦ ਹੀ ਸਰਕਾਰੀ ਆਈ.ਟੀ.ਆਈ ਵੀ ਖੋਲੀ ਜਾਵੇਗੀ l ਇਸ ਮੌਕੇ ਸ਼ਹੀਦ ਭਗਤ ਸਿੰਘ ਇੰਜੀਨੀਅਰ ਕਾਲਜ ਦੇ ਡਾਇਰੈਕਟਰ ਸ੍ਰ: ਟੀ.ਐੱਸ ਸਿੱਧੂ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਤੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਵੱਲੋਂ ਰੁਜ਼ਗਾਰ ਲਈ ਰਜਿਸਟਰੇਸ਼ਨ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਕੈਂਪਸ ਵਿਚ ਲਗਾਏ ਰੁਜ਼ਗਾਰ ਮੇਲੇ ਵਿਚ ਕਰੀਬ 650 ਬੇਰੁਜ਼ਗਾਰਾਂ ਲੜਕੇ ਅਤੇ ਲੜਕੀਆਂ ਦੀ 50 ਵੱਖ ਵੱਖ ਕੰਪਨੀਆਂ ਵੱਲੋਂ ਚੋਣ ਕੀਤੀ ਗਈ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ, ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ, ਐੱਸ.ਡੀ.ਐਮ ਸ੍ਰ.ਹਰਜੀਤ ਸਿੰਘ ਸੰਧੂ,  ਡਾ: ਏ.ਕੇ ਤਿਆਗੀ, ਡਾ: ਅਮਿਤ ਅਰੋੜਾ, ਸ੍ਰ: ਬਲਵਿੰਦਰ ਸਿੰਘ ਮੋਹੀ, ਸ਼੍ਰੀ ਯਸ਼ਪਾਲ, ਡਾ: ਰਾਜੀਵ ਅਰੋੜਾ, ਸ਼੍ਰੀ ਰਾਜਿੰਦਰ ਸ਼ਰਮਾ ਕਾਂਗਰਸੀ ਆਗੂ ਸਮੇਤ ਵੱਡੀ ਗਿਣਤੀ ਵਿਚ ਪ੍ਰਾਈਵੇਟ ਕੰਪਨੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Leave a Reply