ਖੰਨਾ : 3 ਜੀਆਂ ਦੇ ਕਾਤਲ ਤਾਂਤਰਿਕ ਦਾ ਕੰਬਣੀ ਛੇੜਨ ਵਾਲਾ ਖੁਲਾਸਾ

khanna Ludhiana Punjab

ਖੰਨਾ (ਚਰਨ ਸਿੰਘ ਭੱਟੀ) : ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਚਹਿਲ ‘ਚ ਹੋਲੀ ਵਾਲੇ ਦਿਨ ਇੱਕੋ ਪਰਿਵਾਰ ਦੇ 3 ਜੀਆਂ ਦੇ ਹੋਏ ਕਤਲ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ ਅਤੇ ਇਨ੍ਹਾਂ ਤਿੰਨਾਂ ਦੇ ਕਾਤਲ ਤਾਂਤਰਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਅਜਿਹੇ ਕੰਬਣੀ ਛੇੜਨ ਵਾਲੇ ਖੁਲਾਸੇ ਕੀਤੇ ਹਨ ਕਿ ਪੁਲਸ ਵੀ ਹੈਰਾਨ ਰਹਿ ਗਈ। ਪ੍ਰੈੱਸ ਕਾਨਫਰੰਸ ਦੌਰਾਨ ਇਨ੍ਹਾਂ ਕਤਲਾਂ ਬਾਰੇ ਜਾਣਕਾਰੀ ਦਿੰਦਿਆਂ ਆਈ. ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਮਾਮਲੇ ‘ਚ ਦੋਸ਼ੀ ਵਿਪਨ ਜੈਨ ਪੁੱਤਰ ਬੂਟਾ ਰਾਮ ਜੈਨ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਧਾਰਾ-302 ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਵਿਪਨ ਖੁਦ ਨੂੰ ਭਗਵਾਨ ਮੰਨਦਾ ਸੀ ਅਤੇ ਤਾਂਤਰਿਕ ਦਾ ਕੰਮ ਕਰਦਾ ਸੀ। ਇਕ ਚੌਂਕੀ ਦੌਰਾਨ ਉਸ ਦੇ ਸੰਪਰਕ ‘ਚ ਮ੍ਰਿਤਕ ਪਰਿਵਾਰ ਆਇਆ ਸੀ। ਮ੍ਰਿਤਕ ਪਰਿਵਾਰ ਫਤਿਹਗੜ੍ਹ ਸਾਹਿਬ ਜ਼ਿਲੇ ਨਾਲ ਸਬੰਧਿਤ ਸੀ ਅਤੇ ਆਪਣੀ ਜ਼ਮੀਨ ਵੇਚ ਕੇ ਕੁਝ ਸਾਲ ਪਹਿਲਾਂ ਹੀ ਉਕਤ ਪਿੰਡ ‘ਚ ਆ ਵਸਿਆ ਸੀ। ਘਟਨਾ ਵਾਲੇ ਦਿਨ ਕਰੀਬ ਇਕ ਵਜੇ ਦੋਸ਼ੀ ਮ੍ਰਿਤਕ ਪਰਿਵਾਰ ਦੇ ਬੁਲਾਵੇ ‘ਤੇ ਉਨ੍ਹਾਂ ਦੇ ਘਰ ਆਇਆ ਸੀ।
ਕਾਫੀ ਕਮਜ਼ੋਰ ਸੀ ਮ੍ਰਿਤਕ ਪਰਿਵਾਰ
ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮਰਨ ਵਾਲੇ ਪਰਿਵਾਰ ਦੇ ਮੈਂਬਰ ਆਰਥਿਕ ਪੱਖੋਂ ਕਾਫੀ ਕਮਜ਼ੋਰ ਸਨ ਅਤੇ ਇਸ ਸੰਕਟ ‘ਚੋਂ ਖੁਦ ਨੂੰ ਉਭਾਰਨਾ ਚਾਹੁੰਦੇ ਸਨ, ਜਿਸ ਕਾਰਨ ਉਹ ਦੋਸ਼ੀ ਦੇ ਸੰਪਰਕ ‘ਚ ਆ ਗਏ। ਦੋਸ਼ੀ ਨੂੰ ਇਸ ਗੱਲ ਦਾ ਪਤਾ ਸੀ ਕਿ ਜੋ ਜ਼ਮੀਨ ਮ੍ਰਿਤਕ ਪਰਿਵਾਰ ਨੇ ਵੇਚੀ ਸੀ, ਉਸ ਦੇ ਪੈਸੇ ਵੀ ਘਰ ‘ਚ ਹੀ ਸੁਰੱਖਿਅਤ ਹਨ।
ਬੜੀ ਬੇਰਹਿਮੀ ਨਾਲ ਕੀਤਾ ਕਤਲ
ਦੋਸ਼ੀ ਨੇ ਆਪਣੇ ਲਾਲਚ ਕਾਰਨ ਇਕ-ਇਕ ਕਰਕੇ ਬੜੀ ਬੇਰਹਿਮੀ ਨਾਲ ਪਰਿਵਾਰਕ ਮੈਂਬਰਾਂ ਸੁਖਦੇਵ ਸਿੰਘ, ਪਤਨੀ ਗੁਰਮੀਤ ਕੌਰ ਅਤੇ ਬੇਟੇ ਹਰਜੋਤ ਸਿੰਘ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦਾ ਦੂਜਾ ਬੇਟਾ ਦੋਰਾਹੇ ਕੰਮ ਕਰਨ ਗਿਆ ਹੋਇਆ ਸੀ, ਜੋ ਬਚ ਗਿਆ। ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਘਰ ਦੀ ਤਲਾਸ਼ੀ ਵੀ ਲਈ ਪਰ ਉਸ ਨੂੰ ਕੋਈ ਕੈਸ਼ ਨਹੀਂ ਮਿਲਿਆ।
ਕਤਲ ਤੋਂ ਪਹਿਲਾਂ ਦਿੱਤੀਆਂ ਸੀ ਨਸ਼ੀਲੀਆਂ ਗੋਲੀਆਂ
ਦੋਸ਼ੀ ਨੇ ਕਤਲ ਕਰਨ ਤੋਂ ਪਹਿਲਾ ਪਰਿਵਾਰ ਦੇ ਤਿੰਨਾਂ ਮੈਂਬਰਾਂ ਨੂੰ ਇਕੱਠੇ ਪਾਣੀ ‘ਚ ਘੋਲ ਕੇ ਨਸ਼ੀਲੀਆਂ ਗੋਲੀਆਂ ਪਿਲਾ ਦਿੱਤੀਆਂ। ਜਦੋਂ ਉਸ ਨੇ ਦੇਖਿਆ ਕਿ ਗੋਲੀਆਂ ਦਾ ਅਸਰ ਹੋਣ ਲੱਗਾ ਹੈ ਤਾਂ ਉਸ ਨੇ ਘਰ ਦੇ ਇਕ ਦੂਜੇ ਕਮਰੇ ‘ਚ ਚੌਂਕੀ ਲਾ ਕੇ ਇਕ-ਇਕ ਮੈਂਬਰ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਸੁਖਦੇਵ ਨੂੰ ਬੁਲਾਇਆ ਅਤੇ ਤੇਜ਼ਧਾਰ ਕੁਹਾੜੀ ਨਾਲ ਉਸ ਦਾ ਕਤਲ ਕਰ ਦਿੱਤਾ, ਇਸ ਤੋਂ ਬਾਅਦ ਉਸ ਦੀ ਪਤਨੀ ਅਤੇ ਬੇਟੇ ਨੂੰ ਵੀ ਮਾਰ ਦਿੱਤੀ ਅਤੇ ਖੁਦ ਫਰਾਰ ਹੋ ਗਿਆ।
ਬੇਟੇ ਨੂੰ ਜਰਮਨੀ ਭੇਜਣਾ ਚਾਹੁੰਦਾ ਸੀ ਪਰਿਵਾਰ
ਦੋਸ਼ੀ ਵਿਪਨ ਜੈਨ ਨੇ ਪੁੱਛਗਿੱਛ ਦੌਰਾਨ ਸਵੀਕਾਰ ਕੀਤਾ ਕਿ ਪਰਿਵਾਰ ਦੇ ਮੈਂਬਰ ਆਰਥਿਕ ਤੰਗੀ ਕਾਰਨ ਆਪਣੇ ਬੇਟੇ ਨੂੰ ਜਰਮਨੀ ਭੇਜਣਾ ਚਾਹੁੰਦੇ ਸਨ, ਜਿਸ ਕਾਰਨ ਦੋਸ਼ੀ ਨੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਇਹ ਘਿਨਾਉਣਾ ਕੰਮ ਕੀਤਾ।
ਦੋਸ਼ੀ ਦੇ ਘਰੋਂ ਬਰਾਮਦ ਕੀਤਾ ਸਮਾਨ
ਪੁਲਸ ਨੇ ਕਥਿਤ ਦੋਸ਼ੀ ਨੇ ਘਰੋਂ ਚੋਰੀ ਕੀਤਾ ਮੋਬਾਇਲ, ਦੋ ਏ. ਟੀ. ਐੱਮ. ਕਾਰਡ ਅਤੇ ਨਸ਼ੇ ਦੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਹਨ। ਦੋਸ਼ੀ ਤਾਂਤਰਿਕ ਹੋਣ ਦੇ ਨਾਲ-ਨਾਲ ਆਟੋ ਚਲਾਉਣ ਦਾ ਕੰਮ ਵੀ ਕਰਦਾ ਸੀ ਅਤੇ ਜਿਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਉਹ ਆਟੋ ‘ਚ ਸਵਾਰੀਆਂ ਚੜ੍ਹਾਉਣ ਦੀ ਤਿਆਰੀ ਕਰ ਰਿਹਾ ਸੀ।

Leave a Reply