ਸ਼ਹੀਦ ਗੁਰਮੇਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Amritsar Punjab


ਅੰਮਿ੍ਰਤਸਰ, 24 ਦਸੰਬਰ (ਮੁਕੇਸ਼ ਮੇਹਰਾ ਹਨੀ )-ਬੀਤੇ ਦਿਨ ਰਾਜੌਰੀ ਵਿਖੇ ਪਾਕਿਸਤਾਨੀ ਫੌਜ ਦੇ ਹਮਲੇ ਵਿਚ ਸ਼ਹੀਦ ਹੋਏ ਲਾਂਸ ਨਾਇਕ ਗੁਰਮੇਲ ਸਿੰਘ ਦਾ ਉਸਦੇ ਜ਼ੱਦੀ ਪਿੰਡ ਅਲਕੜੇ (ਨੇੜੇ ਕੱਥੂਨੰਗਲ) ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਅਤੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸ. ਬਿਕਰਮ ਸਿੰਘ ਮਜੀਠੀਆ, ਜਿਲਾ ਪੁਲਿਸ ਮੁਖੀ ਪਰਮਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਕੁਮਾਰ ਨੇ ਸ਼ਹੀਦ ਦੀ ਦੇਹ ’ਤੇ ਫੁੱਲ ਮਲਾਵਾਂ ਭੇਟ ਕੀਤੀਆਂ। ਫੌਜ ਦੇ ਜਵਾਨਾਂ ਨੇ ਵੀ ਸ਼ਹੀਦ ਦੀ ਦੇਹ ਨੂੰ ਸਲਾਮੀ ਦਿੱਤੀ। ਸ਼ਹੀਦ ਦੀ ਦੇਹ ਫੌਜ ਵੱਲੋਂ ਹਵਾਈ ਜਹਾਜ਼ ਰਾਹੀਂ ਰਾਜਾਸਾਂਸੀ ਹਵਾਈ ਅੱਡੇ ਵਿਖੇ ਸ੍ਰੀਨਗਰ ਤੋਂ ਲਿਆਂਦੀ ਗਈ, ਜਿਥੋਂ ਕਾਫਲੇ ਦੇ ਰੂਪ ਵਿਚ ਪਰਿਵਾਰਕ ਮੈਂਬਰ, ਪ੍ਰਸ਼ਾਸਨ ਦੇ ਅਧਿਕਾਰੀ, ਰਿਸ਼ਤੇਦਾਰ ਅਤੇ ਪਿੰਡ ਵਾਸੀ ਦੇਹ ਨੂੰ ਸਨਮਾਨ ਨਾਲ ਪਿੰਡ ਲੈ ਕੇ ਗਏ, ਜਿੱਥੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਸ਼ਹੀਦ ਦਾ ਇੰੰਤਜ਼ਾਰ ਕਰ ਰਹੇ ਸਨ। ਸ਼ਹਾਦਤ ਦੇ ਸਤਿਕਾਰ ਵਜੋਂ ਪੂਰੇ ਇਲਾਕੇ ਦੇ ਲੋਕ ਸ਼ਹੀਦ ਦੇ ਘਰ ਹਾਜ਼ਰ ਹੋਏ ਅਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਵੀ ਸ਼ਹੀਦ ਨੂੰ ਸ਼ਰਧਾ ਭੇਟ ਕਰਨ ਲਈ ਪੁੱਜੇ। ਜਿੰਨਾ ਵਿਚ ਹਲਕਾ ਕਾਂਗਰਸ ਦੇ ਸੀਨੀਅਰ ਨੇਤਾ ਲਾਲੀ ਮਜੀਠੀਆ, ਕਾਂਗਰਸ ਦੇ ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ ਅਤੇ ਹੋਰ ਹਸਤੀਆਂ ਹਾਜ਼ਰ ਸਨ। 

ਸ਼ਹੀਦ ਦੀ ਚਿਤਾ ਨੂੰ ਅਗਨੀ ਉਸਦੇ ਪਿਤਾ ਨੇ ਵਿਖਾਈ। ਦੱਸਣਯੋਗ ਹੈ ਕਿ 34 ਸਾਲ ਦੀ ਉਮਰ ਵਿਚ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲਾ ਗੁਰਮੇਲ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਵੱਡਾ ਸਹਾਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਕੁਲਜੀਤ ਕੌਰ, 8 ਸਾਲ ਦੀ ਧੀ ਵਿਪਨਦੀਪ ਕੌਰ, ਪਿਤਾ ਤਰਸੇਮ ਸਿੰਘ, ਮਾਤਾ ਗੁਰਮੀਤ ਕੌਰ, ਛੋਟਾ ਭਰਾ ਹਰਪ੍ਰੀਤ ਸਿੰਘ ਅਤੇ ਭੈਣ ਦਲਜੀਤ ਕੌਰ ਛੱਡ ਗਿਆ। ਪਿੰਡ ਵਾਸੀ ਜਿੱਥੇ ਗੁਰਮੇਲ ਸਿੰਘ ਦੀ ਸ਼ਹੀਦੀ ’ਤੇ ਮਾਣ ਮਹਿਸੂਸ ਕਰ ਰਹੇ ਸਨ, ਉਥੇ ਉਸਦੇ ਇਸ ਸੰਸਾਰ ਤੋਂ ਤੁਰ ਜਾਣ ’ਤੇ ਡਾਢੇ ਦੁੱਖੀ ਵੀ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਸ਼ਹੀਦੀ ਦੀ ਖ਼ਬਰ ਪਿੰਡ ਵਾਸੀਆਂ ਨੂੰ ਮਿਲ ਗਈ ਸੀ ਅਤੇ ਉਸ ਵੇਲੇ ਤੋਂ ਹੀ ਪਿੰਡ ਵਾਸੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚ ਗਏ ਸਨ। ਡਿਪਟੀ ਕਮਿਸ਼ਨਰ ਸ. ਸੰਘਾ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

Leave a Reply