ਹਥਿਆਰਬੰਦਾਂ ਨੇ ਮਾਰਿਆ ਐਕਸਿਸ ਬੈਂਕ ‘ਚ ਡਾਕਾ, ਲੁੱਟੇ 7.25 ਲੱਖ ਰੁਪਏ

Punjab Tarn Taran Sahib

ਤਰਨਤਾਰਨ (ਹਰਜਿੰਦਰ ਗੱਬਰ )— ਇਥੋਂ ਥੋੜ੍ਹੀ ਦੂਰ ਪਿੰਡ ਨੌਰੰਗਾਬਾਦ ਵਿਖੇ ਦੁਪਹਿਰ ਵੇਲੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਂਦੇ ਹੋਏ ਕੈਸ਼ੀਅਰ ਦੇ ਕੈਬਿਨ ‘ਚੋਂ 7.25 ਲੱਖ ਰੁਪਏ ਲੁੱਟ ਲਏ। ਲੁੱਟ ਦੇ ਸਮੇਂ ਲੁਟੇਰਿਆਂ ਨੇ ਬੈਂਕ ਦੇ ਅੰਦਰ ਅਤੇ ਬਾਹਰ ਤਕਰੀਬਨ 5 ਗੋਲੀਆਂ ਚਲਾਈਆਂ। ਘਟਨਾ ਦਾ ਸਮਾਚਾਰ ਸੁਣਦੇ ਹੀ ਥਾਣਾ ਸਦਰ ਦੀ ਪੁਲਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸਾਈਬਰ ਸੈੱਲ ਸਮੇਤ ਕਈ ਟੀਮਾਂ ਤਫਤੀਸ਼ ਵਿਚ ਲੱਗ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 2.27 ਮਿੰਟ ‘ਤੇ ਨਕਾਬਪੋਸ਼ ਤਿੰਨ ਹਥਿਆਰਬੰਦ ਲੁਟੇਰੇ ਕਾਰ ‘ਚ ਆਏ ਅਤੇ ਉਨ੍ਹਾਂ ਦੇ ਬੈਂਕ ਅੰਦਰ ਦਾਖਲ ਹੁੰਦਿਆਂ ਹੀ ਬੈਂਕ ਦਾ ਗਾਰਡ ਆਪਣੀ ਰਾਈਫਲ ਸਮੇਤ ਆਪਣੇ ਬਚਾਅ ਲਈ ਅੰਦਰ ਭੱਜ ਗਿਆ ਅਤੇ ਲੁਟੇਰਿਆਂ ਨੇ ਅੰਦਰ ਵੜਦਿਆਂ ਹੀ ਬੈਂਕ ‘ਚ ਖੜ੍ਹੇ ਗਾਹਕ ਕੋਲੋਂ ਮੋਬਾਇਲ ਖੋਹ ਲਿਆ ਅਤੇ ਬੈਂਕ ਦੇ ਅੰਦਰ ਹੀ ਪਿਸਟਲ ਅਤੇ ਰਾਈਫਲਾਂ ਨਾਲ 3 ਗੋਲੀਆਂ ਚਲਾਈਆਂ ਅਤੇ ਬੈਂਕ ਦੀ ਕੈਸ਼ੀਅਰ ਹਰਪ੍ਰੀਤ ਕੌਰ ਆਪਣੇ ਕੈਬਿਨ ‘ਚੋਂ ਬਾਹਰ ਮੈਨੇਜਰ ਹਰਦੀਪ ਸਿੰਘ ਕੋਲ ਖੜ੍ਹੀ ਸੀ ਅਤੇ ਲੁਟੇਰੇ ਜਲਦਬਾਜ਼ੀ ਨਾਲ ਕੈਸ਼ੀਅਰ ਦੇ ਕੈਬਿਨ ਵਿਚ ਗਏ ਅਤੇ ਸਾਰਾ ਕੈਸ਼ ਲੁੱਟ ਲਿਆ। ਇਸ ਘਟਨਾਚੱਕਰ ਦੌਰਾਨ ਇਕ ਲੁਟੇਰੇ ਨੇ ਬੈਂਕ ਦੇ ਬਾਹਰਵਾਰ ਲੋਕਾਂ ਨੂੰ ਡਰਾਉਣ ਲਈ ਦੋ ਫਾਇਰ ਵੀ ਕੀਤੇ। ਸੀ. ਸੀ. ਟੀ. ਵੀ. ਫੁਟੇਜ ਦੇਖਣ ‘ਤੇ ਪਤਾ  ਲੱਗਾ ਕਿ ਲੁਟੇਰਿਆਂ ਦੀ ਉਮਰ ਅੰਦਾਜ਼ਨ 25 ਤੋਂ 30 ਸਾਲ ਲੱਗਦੀ ਹੈ। ਸਮਾਚਾਰ ਲਿਖੇ ਜਾਣ ਤੱਕ ਪੁਲਸ ਵੱਖ-ਵੱਖ ਥਿਊਰੀਆਂ ‘ਤੇ ਕੰਮ ਕਰ ਰਹੀ ਸੀ ਅਤੇ ਬਚਾਅ ਲਈ ਅੰਦਰ ਭੱਜੇ ਗਾਰਡ ਕੋਲਂੋ ਵੀ ਪੁਲਸ ਪੁੱਛਗਿੱਛ ਕਰ ਰਹੀ ਸੀ।

Leave a Reply