ਵੀਰਾਂ ਲਈ ਕੀਤੀ ਸਦਾ ਅਰਦਾਸ, ਖੁਦ ਲਈ ਨਾ ਮੰਗਿਆ ਕੁਝ ਵੀ ਭੈਣ ਨੇ (ਤਸਵੀਰਾ)

Punjab

ਬਟਾਲਾ (ਹਨੀ ਮੇਹਰਾ) ਰੱਖੜੀ ਦਾ ਤਿਉਹਾਰ ਭਰਾ-ਭੈਣ ਦੇ ਪਿਆਰ ਨੂੰ ਦਰਸਾਉਣ ਵਾਲਾ ਸਭ ਤੋਂ ਖੂਬਸੂਰਤ ਤਿਉਹਾਰ ਹੈ। ਪੂਰੇ ਭਾਰਤ ਵਿਚ ਇਸ ਦਿਨ ਭੈਣਾਂ ਕੱਚੇ ਧਾਗਿਆਂ ਵਿਚ ਆਪਣਾ ਪੱਕਾ ਅਤੇ ਗੂੜ੍ਹਾ ਪਿਆਰ ਭਰਾਵਾਂ ਦੇ ਗੁੱਟ ਵਿਚ ਬੰਨ੍ਹ ਕੇ ਉਨ੍ਹਾਂ ਦੀ ਲੰਬੀਂ ਉਮਰ, ਵਧੀਆ ਸਿਹਤ ਅਤੇ ਸਫਲਤਾ ਲਈ ਦੁਆਵਾਂ ਮੰਗਦੇ ਹਨ। ਇਸ ਦੇ ਬਦਲੇ ਭਰਾ ਉਨ੍ਹਾਂ ਨੂੰ ਕੋਈ ਨਾ ਕੋਈ ਤੋਹਫਾ ਜਾਂ ਪੈਸੇ ਦੇ ਕੇ ਆਪਣੇ ਪਿਆਰ ਦਾ ਉਨ੍ਹਾਂ ਪ੍ਰਤੀ ਪ੍ਰਗਟਾਵਾ ਕਰਦੇ ਹਨ। ਕਈ ਤਾਂ ਮਜ਼ਾਕ ਵਿਚ ਕਹਿ ਦਿੰਦੇ ਹਨ ਕਿ ਇਹ ਭੈਣਾਂ ਦਾ ਇਸ ਤਿਉਹਾਰ ‘ਤੇ ਕਾਫੀ ਫਾਇਦਾ ਹੁੰਦਾ ਹੈ ਅਤੇ ਭਰਾਵਾਂ ਨੂੰ ਚੂਨਾ ਲੱਗ ਜਾਂਦਾ ਹੈ ਪਰ ਇਹ ਭਰਾ ਹੀ ਜਾਣਦੇ ਹਨ ਕਿ ਉਸ ਭੈਣ ਨੇ ਭਰਾ ਲਈ ਕਿੰਨੀਆਂ ਦੁਆਵਾਂ ਕੀਤੀਆਂ ਕਿ ਖੁਦ ਲਈ ਸ਼ਾਇਦ ਹੀ ਕਦੇ ਕੁਝ ਮੰਗਿਆ ਹੈ। ਅਜਿਹਾ ਹੁੰਦਾ ਹੈ ਭੈਣ-ਭਰਾ ਦਾ ਪਿਆਰ। ਰੱਬ ਕਰੇ ਇਸੇ ਤਰ੍ਹਾਂ ਇਹ ਤਿਉਹਾਰ ਹਰ ਸਾਲ ਲੋਕ ਪਿਆਰ ਨਾਲ ਮਨਾਉਂਦੇ ਰਹਿਣ ਅਤੇ ਰਿਸ਼ਤੇ ਇਸੇ ਤਰ੍ਹਾਂ ਨਿਭਾਉਂਦੇ ਰਹਿਣ।

 


ਰੱਖੜੀ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ—
ਰੱਖੜੀ ਭਾਦੋਂ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ। ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ ‘ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਲਈ ਸੌ-ਸੌ ਦੁਆਵਾਂ ਮੰਗਦੀਆਂ ਹਨ। ਭੈਣਾਂ ਦੀ ਉਡੀਕ ਵੀਰ ਵੀ ਕਰਦੇ ਹਨ ਇਸ ਦਿਨ। ਭੈਣਾਂ ਵੀ ਸਦਾ ਭਰਾ ਨੂੰ ਵੱਸਦੇ-ਹੱਸਦੇ ਰਹਿਣ ਦੀਆਂ ਦੁਆਵਾਂ ਦਿੰਦੀਆਂ ਹਨ।
ਰੱਖੜੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਕਈ ਸਦੀਆਂ ਤੋਂ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕਹਿੰਦੇ ਨੇ ਜਦੋਂ ਕ੍ਰਿਸ਼ਨ ਜੀ ਸੁਦਰਸ਼ਨ ਚੱਕਰ ਘੁਮਾ ਰਹੇ ਸਨ ਤੇ ਉਨ੍ਹਾਂ ਦੀ ਉਂਗਲ ‘ਤੇ ਚੀਰਾ ਆ ਗਿਆ ਤੇ ਖੂਨ ਵਗਣ ਲੱਗਾ ਤਾਂ ਦਰੋਪਦੀ ਨੇ ਆਪਣੀ ਸਾੜ੍ਹੀ ਦੇ ਪੱਲੂ ਨਾਲੋਂ ਲੀਰ ਪਾੜ ਕੇ ਕ੍ਰਿਸ਼ਨ ਜੀ ਦੀ ਜ਼ਖਮੀ ਉਂਗਲ ‘ਤੇ ਬੰਨ੍ਹ ਦਿੱਤੀ। ਜਦੋਂ ਕੌਰਵਾਂ ਨੇ ਪਾਂਡਵਾਂ ਨੂੰ ਹਰਾ ਕੇ ਦਰੋਪਦੀ ਨੂੰ ਵੀ ਜਿੱਤ ਲਿਆ ਤਾਂ ਦੁਰਯੋਧਨ ਨੇ  ਆਪਣਾ ਬਦਲਾ ਲੈਣ ਲਈ ਦਰੋਪਦੀ ਨੂੰ ਭਰੀ ਸਭਾ ‘ਚ ਨਗਨ ਕਰਨ ਦਾ ਹੁਕਮ ਦਿੱਤਾ। ਦਰੋਪਦੀ ਨੇ ਆਪਣੇ ਪੰਜ ਪਤੀਆਂ ਵੱਲ ਦਇਆ ਦ੍ਰਿਸ਼ਟੀ ਨਾਲ ਦੇਖਿਆ ਪਰ ਉਹ ਤਾਂ ਆਪ ਹਾਰੇ ਹੋਏ ਸਨ ਤਾਂ ਦਰੋਪਦੀ ਨੇ ਕ੍ਰਿਸ਼ਨ ਜੀ ਨੂੰ ਪੁਕਾਰਿਆ। ਕਹਿੰਦੇ ਨੇ ਸਾੜ੍ਹੀ ਉਤਾਰਦੇ-ਉਤਾਰਦੇ ਅੰਬਾਰ ਲੱਗ ਗਏ ਪਰ ਦਰੋਪਦੀ ਨਗਨ ਨਾ ਹੋਈ। ਕ੍ਰਿਸ਼ਨ ਜੀ ਨੇ ਦਰੋਪਦੀ ਦੀ ਰੱਖਿਆ ਕੀਤੀ।

ਰਾਜਾ ਹੁਮਾਯੂੰ ਨੂੰ ਰਾਣੀ ਚਿਤੌੜਗੜ੍ਹ ਨੇ ਰਾਖੀ ਲਈ ਰੱਖੜੀ ਭੇਜੀ ਤੇ ਹੁਮਾਯੂੰ ਨੇ ਆਪਣਾ ਧਰਮ ਨਿਭਾਇਆ। ਉਸ ਨੇ ਰਾਖੀ ਕੀਤੀ ਰਾਣੀ ਦੀ। ਦੇਵਤਿਆਂ ਤੇ ਰਾਖਸ਼ਸਾਂ ਦੀ ਲੜਾਈ ‘ਚ ਇੰਦਰ ਦੀ ਪਤਨੀ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ ਕਿ ਰਾਖਸ਼ਸਾਂ ਦਾ ਪੱਲੜਾ ਭਾਰੀ ਹੈ। ਉਹ ਇੰਦਰ ਨੂੰ ਹਰਾ ਸਕਦੇ ਨੇ ਤਾਂ ਇੰਦਰ ਦੀ ਰਾਖੀ ਲਈ ਵਿਸ਼ਨੂੰ ਜੀ ਨੇ ਇੰਦਰ ਦੀ ਪਤਨੀ ਨੂੰ ਕਿਹਾ ਕਿ ਕਪਾਹ ਦੇ ਧਾਗੇ ਨੂੰ (ਕੱਚੇ ਸੂਤ) ਇੰਦਰ ਦੀ ਕਲਾਈ ‘ਤੇ ਲਪੇਟ ਦਿਓ। ਇਸ ਤਰ੍ਹਾਂ ਇਹ ਰੱਖਿਆ ਦਾ ਪ੍ਰਤੀਕ ਹੋ ਨਿੱਬੜਿਆ।
ਅੱਜਕਲ ਭੈਣ ਭਰਾਵਾਂ ਦਾ ਪਿਆਰ ਵੀ ਪਦਾਰਥਵਾਦੀ ਹੁੰਦਾ ਜਾਂਦਾ ਹੈ। ਸਾਰੇ ਤਾਂ ਨਹੀਂ ਪਰ ਕਈ ਥਾਈਂ ਇਹ ਦੇਖਣ-ਸੁਣਨ ‘ਚ ਆਉਂਦਾ ਹੈ ਕਿ ਭਰਾ ਸੋਚਦੇ ਹਨ ਕਿ ਭੈਣਾਂ ਲੈਣ ਦੇ ਬਹਾਨੇ ਆਉਂਦੀਆਂ ਨੇ ਰੱਖੜੀ ਬੰਨ੍ਹਣ ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ। ਭੈਣਾਂ ਬਿਨਾਂ ਲਾਲਚ ਵੀ ਪੇਕਾ ਘਰ ਵੱਸਦਾ ਰਹਿਣ ਦੀ ਅਰਦਾਸ ਕਰਦੀਆਂ ਰਹਿੰਦੀਆਂ ਨੇ।
ਰੱਖੜੀ ਤਾਂ ਅਨਮੋਲ ਹੁੰਦੀ ਹੈ। ਇਹ ਤਾਂ ਮੇਲ-ਮਿਲਾਪ ਬੇਗਾਨਿਆਂ ਨੂੰ ਆਪਣਾ ਬਣਾਉਣ ਵਾਲਾ ਤਿਉਹਾਰ ਹੈ। ਰੱਖੜੀ ਸਿਰਫ ਆਪਣਿਆਂ ਲਈ ਹੀ ਨਹੀਂ ਹੁੰਦੀ। ਇਹ ਤਾਂ ਚੁੰਨੀ ਨਾਲੋਂ ਪਾੜੀ ਲੀਰ ਨਾਲ ਬੇਗਾਨਿਆਂ ਨੂੰ ਆਪਣੇ ਵੀਰ ਬਣਾ ਦਿੰਦੀ ਹੈ। ਇਹ ਤਾਂ ਇਕ ਗੱਠ ਜਾਂ ਗੰਢ ਹੁੰਦੀ ਹੈ ਸੁੱਚੇ ਤੇ ਸੱਚੇ ਪਿਆਰ ਦੀ, ਕਦੇ ਵੇਲੇ ਕੁਵੇਲੇ ਧਰਮ ਦੀ ਭੈਣ ਦੀ ਰਾਖੀ ਕਰਨ ਦਾ ਵਾਅਦਾ ਵਰ੍ਹਿਆਂ, ਸਦੀਆਂ ਤੋਂ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਇਸ ਤਰ੍ਹਾਂ ਸਮਾਜਿਕ ਏਕਤਾ ਵੀ ਹੋਰ ਗੂੜ੍ਹੀ ਤੇ ਪੀਢੀ ਹੁੰਦੀ ਹੈ।


ਪਰ ਅੱਜਕਲ ਇਸ ਪਵਿੱਤਰ ਪਿਆਰ ‘ਚ ਸੁਆਰਥ ਆਉਣਾ ਸ਼ੁਰੂ ਹੋ ਗਿਆ ਹੈ। ਇਸ ਤਿਉਹਾਰ ਨੇ ਵੀ ਮੰਡੀਕਰਨ ‘ਚ ਪ੍ਰਵੇਸ਼ ਕਰ ਲਿਆ ਹੈ। ਹੁਣ ਭਾਰੇ-ਭਾਰੇ ਮਹਿੰਗੇ-ਮਹਿੰਗੇ ਤੋਹਫੇ ਦੇਣ ਤੇ ਲੈਣ ਦਾ ਰਿਵਾਜ ਹੋ ਗਿਆ ਹੈ। ਭੈਣਾਂ ਵੀ ਬਹੁਤ ਸਾਰੇ ਤੋਹਫੇ ਲਿਆਉਂਦੀਆਂ ਨੇ, ਮਠਾਈਆਂ, ਫਲ ਲਿਆਉਂਦੀਆਂ ਤੇ ਬਦਲੇ ‘ਚ ਉਹ ਵੀ ਭਾਰੀ ਭਰਕਮ ਸ਼ਗਨ ਭਾਲਦੀਆਂ ਨੇ। ਭੈਣਾਂ ਨੂੰ ਇਨ੍ਹਾਂ ਵਿਖਾਵਿਆਂ ਤੋਂ ਬਚਣਾ ਚਾਹੀਦਾ ਹੈ।
ਰੱਖੜੀ ਤਾਂ ਸਰਹੱਦ ‘ਤੇ ਬੈਠੇ ਫੌਜੀ ਵੀਰਾਂ ਨੂੰ ਬੰਨ੍ਹਣੀ ਚਾਹੀਦੀ ਹੈ, ਜੋ ਹਮੇਸ਼ਾ ਸਾਡੀ ਰੱਖਿਆ ਲਈ ਬਰਫਾਂ ਧੁੱਪਾਂ ‘ਚ ਸਾਡੀ ਤੇ ਦੇਸ਼ ਦੀ ਰਾਖੀ ਕਰ ਰਹੇ ਹਨ। ਆਓ ਇਸ ਤਿਉਹਾਰ ਦੀ ਖੂਬਸੂਰਤੀ ਬਣਾਈ ਰੱਖਣ ‘ਚ ਹਿੱਸਾ ਪਾਈਏ। ਇਸ ਨੂੰ ਵਪਾਰ ਨਾ ਬਣਾਈਏ, ਸਗੋਂ ਸਾਡਾ ਇਹ ਤਿਉਹਾਰ ਸੱਚਾ-ਸੁੱਚੇ ਪਿਆਰ ਨੂੰ ਸਾਂਭਣ ਵਾਲਾ ਹੈ।

 

Leave a Reply