ਭੰਡਾਰੀ ਪੁਲ ‘ਤੇ ਅਣਮਿੱਥੇ ਸਮੇਂ ਲਈ ਮਰਨ ਵਰਤ ਸ਼ੁਰੂ (ਵੀਡੀਓ)

Amritsar Punjab

ਅੰਮ੍ਰਿਤਸਰ(ਮਨਜੀਤ ਸਿੰਘ / ਸਨੀ ਸਹੋਤਾ ) ਨਈਅਰ ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਸ਼ਿਵ ਸੈਨਾ ਪੰਜਾਬ ਸਮੇਤ ਦਰਜਨ ਤੋਂ ਵੱਧ ਵੱਖ-ਵੱਖ ਸੰਗਠਨ ਸੜਕਾਂ ‘ਤੇ ਉਤਰ ਆਏ ਹਨ। ਸੰਗਠਨਾਂ ਨੇ ਅੱਜ ਅਣਮਿੱਥੇ ਸਮੇਂ ਲਈ ਭੰਡਾਰੀ ਪੁਲ ‘ਤੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਸੰਗਠਨਾਂ ਨੇ ਜਿਥੇ ਇਹ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ, ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ਦੌਰੇ ‘ਤੇ ਵੱਡੇ ਪੱਧਰ ‘ਤੇ ਘਿਰਾਓ ਵੀ ਕੀਤਾ ਜਾਵੇਗਾ। ਸੰਗਠਨ ਦੇ ਨੇਤਾਵਾਂ ਨੇ ਨਈਅਰ ਹਸਪਤਾਲ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਰੋਸ ਮੁਜ਼ਾਹਰਾ ਵੀ ਕੀਤਾ। ਸ਼ਿਵ ਸੈਨਾ ਪੰਜਾਬ ਦੇ ਨੇਤਾ ਸੁਧੀਰ ਵਿਦਵਾਨ ਮਰਨ ਵਰਤ ‘ਤੇ ਬੈਠੇ ਹਨ। ਵੱਖ-ਵੱਖ ਸੰਗਠਨਾਂ ਦੇ ਨੇਤਾ ਬਲਰਾਮ ਭਾਰਦਵਾਜ, ਰਵਿੰਦਰ ਸੁਲਤਾਨਵਿੰਡ, ਸੁਨੀਲ ਅਰੋੜਾ, ਵਿਪਨ ਨਈਅਰ, ਓਮ ਪ੍ਰਕਾਸ਼, ਵਿਵੇਕ ਸੱਗੂ, ਸੰਜੇ ਕੁਮਰੀਆ, ਰਮਨ ਭੱਲਾ, ਰਾਹੁਲ ਖੋਸਲਾ, ਰੋਹਿਤ ਮਹਾਜਨ, ਸਤਪਾਲ ਵਰਮਾ, ਅਜੇ ਸੇਠ ਆਦਿ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਸ਼ਿਵ ਸੈਨਿਕਾਂ ਤੇ ਆਮ ਜਨਤਾ ਨਾਲ ਧੱਕਾ ਕਰ ਰਿਹਾ ਹੈ। ਇਨਸਾਫ ਲਈ ਆਵਾਜ਼ ਬੁਲੰਦ ਕਰਨ ਵਾਲੇ ਵੱਖ-ਵੱਖ ਸੰਗਠਨਾਂ ਦੇ ਨੇਤਾਵਾਂ ‘ਤੇ ਪਰਚੇ ਦਰਜ ਕਰਨਾ ਲੋਕਤੰਤਰ ਦਾ ਘਾਣ ਹੈ। ਸੰਗਠਨ ਨੇਤਾ ਮਰੀਜ਼ ਰਾਜ ਕੁਮਾਰ ਦੇ ਪਰਿਵਾਰਕ ਮੈਂਬਰ ਦੇ ਬੁਲਾਉਣ ‘ਤੇ ਨਈਅਰ ਹਸਪਤਾਲ ਵਿਚ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਮ ਜਨਤਾ ਨੂੰ ਰਾਹਤ ਦੇਣ ਲਈ ਸਟੈਂਟ ਦਾ ਰੇਟ 30 ਹਜ਼ਾਰ ਦੇ ਕਰੀਬ ਨਿਰਧਾਰਤ ਕੀਤਾ ਗਿਆ ਹੈ। ਸੰਗਠਨ ਨੇਤਾ ਉਕਤ ਯੋਜਨਾ ਅਨੁਸਾਰ ਹਸਪਤਾਲ ਦੇ ਸਟਾਫ ਨਾਲ ਗੱਲਬਾਤ ਕਰ ਰਹੇ ਸਨ ਕਿ ਇਸ ਦੌਰਾਨ ਹਸਪਤਾਲ ਦੇ ਡਾਕਟਰ ਨੇ ਆ ਕੇ ਸ਼ਿਵ ਸੈਨਿਕਾਂ ਨੂੰ ਥੱਪੜ ਮਾਰਦੇ ਹੋਏ ਵਿਵਾਦ ਨੂੰ ਉਤਸ਼ਾਹਿਤ ਕਰ ਦਿੱਤਾ। ਸੰਗਠਨ ਨੇਤਾਵਾਂ ਨੇ ਇਸ ਤੋਂ ਪਹਿਲਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਘਟਨਾ ‘ਤੇ ਬੁਲਾਇਆ ਅਤੇ ਲਿਖਤੀ ਸ਼ਿਕਾਇਤ ਵੀ ਦਿੱਤੀ ਪਰ ਅਫਸੋਸ ਦੀ ਗੱਲ ਹੈ ਕਿ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਦੀ ਬਜਾਏ ਡਾਕਟਰ ਦੇ ਕਹਿਣ ‘ਤੇ 2 ਦਿਨਾਂ ਬਾਅਦ ਉਨ੍ਹਾਂ ‘ਤੇ ਮਾਮਲਾ ਦਰਜ ਕਰ ਦਿੱਤਾ। ਵੱਡੇ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਪੰਜਾਬ ਵਿਚ ਕੁਝ ਪ੍ਰਾਈਵੇਟ ਹਸਪਤਾਲਾਂ ਦੀਆਂ ਮਨਮਰਜ਼ੀਆਂ ਖਿਲਾਫ ਕਾਰਵਾਈ ਲਈ ਸਰਕਾਰ ਵੱਲੋਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ ਹੈ। ਕਾਨੂੰਨ ਨਾ ਹੋਣ ਕਾਰਨ ਹਸਪਤਾਲ ਆਪਣੀਆਂ ਮਨਮਰਜ਼ੀਆਂ ਕਰ ਰਹੇ ਹਨ ਅਤੇ ਆਮ ਜਨਤਾ ਦਾ ਰੋਜ਼ਾਨਾ ਸ਼ੋਸ਼ਣ ਹੋ ਰਿਹਾ ਹੈ। ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਪਰ ਹੁਣ ਕੁਝ ਡਾਕਟਰਾਂ ਨੇ ਉਕਤ ਪੇਸ਼ੇ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਗਠਨ ਨੇਤਾਵਾਂ ਦੀ ਲੜਾਈ ਨਹੀਂ ਸਗੋਂ ਆਮ ਜਨਤਾ ਦੀ ਲੜਾਈ ਹੈ ਤੇ ਉਨ੍ਹਾਂ ਲਈ ਹੀ ਸੰਗਠਨ ਨੇਤਾਵਾਂ ਨੇ ਆਵਾਜ਼ ਬੁਲੰਦ ਕੀਤੀ ਹੈ। ਆਮ ਜਨਤਾ ਨੂੰ ਇਸ ਸੰਘਰਸ਼ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਸਰਕਾਰ ‘ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਕਤ ਹਸਪਤਾਲਾਂ ਦੀ ਜਾਂਚ ਲਈ ਰੈਗੂਲੇਟਰੀ ਕਮਿਸ਼ਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਅੰਮ੍ਰਿਤਸਰ ਆਉਣ ‘ਤੇ ਮੁੱਖ ਮੰਤਰੀ ਦਾ ਵੱਡੇ ਪੱਧਰ ‘ਤੇ ਘਿਰਾਓ ਕੀਤਾ ਜਾਵੇਗਾ। ਮਰੀਜ਼ ਦੀ ਪਤਨੀ ਰਾਧਿਕਾ ਨੇ ਕਿਹਾ ਕਿ ਉਨ੍ਹਾਂ ਦੀ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਦੀ ਮਦਦ ਲਈ ਆਏ ਸੰਗਠਨ ਨੇਤਾਵਾਂ ‘ਤੇ ਪਰਚਾ ਦਰਜ ਕਰਨਾ ਗਲਤ ਹੈ। ਆਮ ਜਨਤਾ ਨੂੰ ਵੀ ਇਸ ਸੰਘਰਸ਼ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਜੋ ਉਨ੍ਹਾਂ ਨਾਲ ਹੋਇਆ ਹੈ, ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ। ਇਸ ਮੌਕੇ ਕਮਲ ਕੁਮਾਰ, ਅਰਵਿੰਦਰ ਸ਼ਰਮਾ, ਪ੍ਰਵੀਨ ਸਹਿਗਲ, ਸਚਿਨ ਬਹਿਲ, ਮੁਕੇਸ਼ ਸ਼ਰਮਾ ਆਦਿ ਸ਼ਾਮਿਲ ਸਨ। ਵਰਣਨਯੋਗ ਹੈ ਕਿ ਨਈਅਰ ਹਸਪਤਾਲ ਵਿਚ ਪਿਛਲੇ ਪੁਰਾਣੇ ਮਰੀਜ਼ ਰਾਜ ਕੁਮਾਰ ਦੇ ਬਿੱਲ ਘੱਟ ਕਰਨ ਲਈ ਵਿਵਾਦ ਹੋ ਗਿਆ ਸੀ। ਪੁਲਸ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਦੀ ਮਦਦ ਲਈ ਸ਼ਿਵ ਸੈਨਾ ਪੰਜਾਬ ਅਤੇ ਹੋਰ ਸੰਗਠਨ ਨੇਤਾਵਾਂ ਖਿਲਾਫ ਹਸਪਤਾਲ ਦੇ ਡਾਕਟਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪਰਚਾ ਦਰਜ ਕੀਤਾ ਸੀ। ਇਹ ਸੰਗਠਨ ਹੋਏ ਪ੍ਰਦਰਸ਼ਨ ‘ਚ ਸ਼ਾਮਿਲ ਇਸ ਮੌਕੇ ਸ਼ਿਵ ਸੈਨਾ ਪੰਜਾਬ, ਹਿੰਦੂ ਸਟੂਡੈਂਟ ਫੈੱਡਰੇਸ਼ਨ, ਰਾਸ਼ਟਰਵਾਦੀ ਸ਼ਿਵ ਸੈਨਾ, ਸ਼ਿਵ ਸੈਨਾ ਸਮਾਜਵਾਦੀ, ਹਿੰਦੂ ਫੌਜ ਇਨਕਲਾਬ, ਹਿੰਦੂ ਸੁਰੱਖਿਆ ਕਮੇਟੀ, ਤਾਜ ਹਿਊਮਨ ਰਾਈਟਸ, ਸ਼ਿਵ ਸੈਨਾ ਸ਼ੇਰ-ਏ-ਪੰਜਾਬ, ਅੰਮ੍ਰਿਤਸਰ ਯੂਥ ਐਸੋਸੀਏਸ਼ਨ, ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ, ਸ਼ਿਵ ਫੌਜ ਹਿੰਦੁਸਤਾਨ ਆਦਿ ਦੇ ਮੈਂਬਰ ਸ਼ਾਮਿਲ ਸਨ।

Leave a Reply