ਗੁਰਦੁਆਰਾ ਖੱਟਾ ਸਿੰਘ ਦੀ ਮੀਟਿੰਗ ਦੋਰਾਨ ਦੋਵੇਂ ਧਿਰਾਂ ਆਹਮੋ ਸਾਹਮਣੇ

Amritsar Punjab


ਅੰਮ੍ਰਿਤਸਰ (ਸਨੀ ਸਹੋਤਾ ) ਪੁਰਾਣੀ ਚੂੰਗੀ ਸਥਿਤ ਬਾਬਾ ਰਾਮ ਸਿੰਘ ਜੀ ਖੱਟਾ (ਸੰਗਤਸਰ ਸਾਹਿਬ) ਵਿਖੇ ਬੀਤੇ ਦਿਨੀ ਹੋਇਆ ਝਗੜਾ ਉਸ ਸਮੇਂ ਹੌਰ ਵੱਧ ਗਿਆ, ਜਦ ਗੁਰੂਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗੁਰਦੇਵ ਸਿੰਘ ਦੇ ਸਮੱਰਥਕਾਂ ਨੇ ਮੀਟਿੰਗ ਦੋਰਾਨ ਪ੍ਰਧਾਨਗੀ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ, ਜਿਸਨੂੰ ਲੈ ਕੇ ਪ੍ਰਧਾਨ ਕਸ਼ਮੀਰ ਸਿੰਘ ਤੇ ਇਲਾਕੇ ਦੀ ਕੁਝ ਸੰਗਤ ਵਲੋਂ ਇਸਦਾ ਡੱਟ ਕੇ ਵਿਰੋਧ ਕੀਤਾ ਗਿਆ। ਮਾਮਲਾ ਵਿਗੜਦਾ ਵੇਖ ਛੇਹਰਟਾ ਪੁਲਸ ਮੋਕੇ ਤੇ ਪੁੱਜੀ ਤੇ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਲੋਂ ਆਏ ਸਮੱਰਥਕਾਂ ਵਲੋਂ ਕਾਫੀ ਜੱਦੋਜਹਿਦ ਦੇ ਬਾਅਦ ੨੧ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਮੁੱਖ ਗ੍ਰੰਥੀ ਦੇ ਵਲੋਂ ਆਏ ਸਮੱਰਥਕਾਂ ਦੇ ਛੇ ਮੈਂਬਰ ਸ਼ਾਮਿਲ ਕੀਤੇ ਜਾਣ ਦਾ ਫੈਸਲਾ ਲਿਆ ਗਿਆ।
ਇਸ ਮੋਕੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ੩੦ ਸਾਲ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦੇ ਤੋਰ ਤੇ ਸੇਵਾ ਕਰਦੇ ਆ ਰਹੇ ਹਨ ਤੇ ਗੁਰਦੁਆਰਾ ਸਾਹਿਬ ਦੀ ਦਿੱਖ ਸੰਵਾਰਨ ਲਈ ਉਨ੍ਹਾਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਇੱਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਵਿਚ ਆਉਂਦੀਆ ਦੁਕਾਨਾਂ ਨੂੰ ਵੀ ਉਨ੍ਹਾਂ ਆਪਣੀ ਕਮੇਟੀ ਰਾਹੀਂ ਅਦਾਲਤ ਤੋਂ ਖਾਲੀ ਕਰਵਾਇਆ, ਜਿਸ ਵਿਚ ਕਿਸੇ ਵੀ ਬਾਹਰੀ ਵਿਅਕਤੀ ਨੇ ਉਨ੍ਹਾਂ ਦਾ ਸਾਥ ਨਹੀ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁੱਖ ਗ੍ਰੰਥੀ ਗੁਰਦੇਵ ਸਿੰਘ ਲੋਕਾਂ ਦੇ ਬਹਿਕਾਵੇ ਵਿਚ ਆ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਨ੍ਹਾਂ ਤੋਂ ਪ੍ਰਧਾਨਗੀ ਖੋਹਣ ਲਈ ਹੱਥਕੰਡੇ ਵਰਤ ਰਿਹਾ ਹੈ, ਜਿਸ ਵਿਚ ਉਹ ਕਦੇ ਵੀ ਕਾਮਯਾਬ ਨਹੀ ਹੋਵੇਗਾ। ਇਲਾਕੇ ਦੀ ਇੱਕਠੀ ਹੋਈ ਸੰਗਤ ਨੇ ਦੱਸਿਆ ਕਿ ਪ੍ਰਧਾਨ ਕਸ਼ਮੀਰ ਸਿੰਘ ਨੇ ਪੂਰੀ ਇਮਾਨਦਾਰੀ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਈ ਹੈ ਜਿਸ ਲਈ ਉਹ ਉਨ੍ਹਾਂ ਨੂੰ ਹੀ ਪ੍ਰਧਾਨ ਬਣਾਈ ਰੱਖਣਗੇ।
ਇਸ ਮੋਕੇ ਮੁੱਖ ਗ੍ਰੰਥੀ ਗੁਰਦੇਵ ਸਿੰਘ ਨੇ ਦੱਸਿਆ ਕਿ ਪ੍ਰਧਾਨ ਕਸ਼ਮੀਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦਾ ਕੋਈ ਹਿਸਾਬ ਨਹੀ ਦਿੱਤਾ ਤੇ ਆਪਣੀਆਂ ਮਨਮਰਜੀਆਂ ਕੀਤੀਆ ਜਾਂਦੀਆਂ ਹਨ, ਉਨ੍ਹਾ ਕਿਹਾ ਕਿ   ਪ੍ਰਧਾਨ ਕਸ਼ਮੀਰ ਸਿੰਘ ਤੇ ਉਸਦੇ ਸਾਥੀਆਂ ਵਲੋਂ ਬੀਤੇ ਦਿਨੀ ਗੁਰੂ ਘਰ ਦੇ ਬਾਹਰ ਉਨ੍ਹਾਂ ਨਾਲ ਸ਼ਰੇਆਮ ਕੁੱਟਮਾਰ ਕਰਨ ਤੇ ਦਸਤਾਰ ਦੀ ਬੇਅਦਬੀ ਦੀ ਕੀਤੀ ਸੀ, ਜਿਸ ਕਾਰਨ ਸੰਗਤ ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ, ਤੇ ਨਵੀਂ ਕਮੇਟੀ ਬਨਾਉਣ ਦਾ ਐਲਾਨ ਕੀਤਾ ਸੀ, ਜਿਸ ਸਬੰਧੀ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸੰਗਤ ਜੋ ਫੈਂਸਲਾ ਕਰੇਗੀ ਉਹ ਉਸਨੂੰ ਪ੍ਰਵਾਨ ਕਰਨਗੇ ਤੇ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਉਣਗੇ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਕਸ਼ਮੀਰ ਸਿੰਘ ਤੇ ਮੁੱਖ ਗ੍ਰੰਥੀ ਗੁਰਦੇਵ ਸਿੰਘ ਦਾ ਝਗੜਾ ਹੋ ਗਿਆ ਸੀ, ਜਿਸ ਦੋਰਾਨ ਮੁੱਖ ਗ੍ਰੰਥੀ ਦੀ ਦਸਤਾਰ ਦੀ ਬਦਸਲੂਕੀ ਹੋਈ ਸੀ, ਜਿਸਨੂੰ ਲੈ ਕੇ ਇਲਾਕੇ ਦੀ ਕੁਝ ਸੰਗਤ ਤੇ ਇਲਾਕਾ ਵਾਸੀਆਂ ਨੇ ਵਿਰੋਧ ਜਾਹਿਰ ਕਰਦਿਆਂ ਪੁਰਾਣੀ ਕਮੇਟੀ ਨੂੰ ਭੰਗ ਕਰਦੇ ਹੋਏ ਜਲਦ ਨਵੀ ਕਮੇਟੀ ਬਨਾਉਣ ਦਾ ਐਲਾਨ ਕੀਤਾ ਸੀ, ਜਿਸ ਲਈ ਅੱਜ ਮੁੱਖ ਗ੍ਰੰਥੀ ਦੇ ਸਮੱਰਥਕਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਬੁਲਾ ਕੇ ਨਵੀਂ ਪ੍ਰਧਾਨਗੀ ਬਨਾਉਣ ਦਾ ਐਲਾਨ ਕਰ ਦਿੱਤਾ, ਨਵੀਂ ਕਮੇਟੀ ਦੀ ਚੋਣ ਨੂੰ ਸੁਣਦੇ ਹੀ ਪ੍ਰਧਾਨ ਕਸ਼ਮੀਰ ਸਿੰਘ ਤੇ ਉਨ੍ਹਾਂ ਦੇ ਸਮੱਰਥਕ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਕਮੇਟੀ ਦਾ ਵਿਰੋਧ ਕੀਤਾ ਤੇ ਮੁੱਖ ਗ੍ਰੰਥੀ ਨੂੰ ਕੱਢਣ ਲਈ ਅੱੜੇ ਰਹੇ, ਜਿਸਦਾ ਫੈਸਲਾ ਕਮੇਟੀ ਵਲੋਂ ਮੀਟਿੰਗ ਕਰਕੇ ਜਲਦ ਲੈਣ ਦਾ ਭਰੋਸਾ ਦਿੱਤਾ ਗਿਆ।

Leave a Reply