ਰਾਹੁਲ ਗਾਂਧੀ ਅਤੇ ਕੇਜਰੀਵਾਲ ਦੇ ਕੂੜ ਤੇ ਝੂਠੇ ਪ੍ਰਚਾਰ ਦਾ ਮਜੀਠਾ ਦੇ ਲੋਕਾਂ ਦਿੱਤਾ ਮੂੰਹ ਤੋੜਵਾਂ ਜਵਾਬ

Amritsar Punjab

ਅੰਮ੍ਰਿਤਸਰ (ਵਿਕੀ ਰੰਧਾਵਾ ) ਵਿਧਾਨ ਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ – ਭਾਜਪਾ ਦੇ ਉਮੀਦਵਾਰ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਆਪਣੀ ਲਗਾਤਾਰ ਤੀਜੀ ਵਾਰ ਇਤਿਹਾਸਕ ਅਤੇ ਵੱਡੀ ਜਿੱਤ ਲਈ ਸੱਚੇ ਪਾਤਸ਼ਾਹ ਅਤੇ ਗੁਰੂ ਕੀਆਂ ਸੰਗਤਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਹੈ।
ਉਹਨਾਂ ਕਿਹਾ ਕਿ ”ਮਜੀਠਾ ਵਾਸੀਆਂ ਨੇ ਲਗਾਤਾਰ ਤੀਜੀ ਵਾਰ ਇਤਿਹਾਸ ਰਚਦਿਆਂ ਮੇਰੇ ਹੱਕ ਵਿੱਚ ਸੇਵਾ ਕਰਨ ਦਾ ਜੋ ਫਤਵਾ ਦਿੱਤਾ ਹੈ, ਉਸ ਲਈ ਮੈਂ ਅਤੇ ਮੇਰਾ ਸਮੁੱਚਾ ਪਰਿਵਾਰ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਨ”।

ਸ: ਮਜੀਠੀਆ ਨੇ ਕਿਹਾ ਕਿ ਲੋਕ ਕਚਹਿਰੀ ‘ਚ ਲੋਕਾਂ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਮਜੀਠਾ ਫੇਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮਜੀਠੇ ‘ਚ ਸਭ ਤੋਂ ਵਧ ਫੇਰੀਆਂ ਪਾ ਕੇ ਉਹਨਾਂ ਵੱਲੋਂ ਕੀਤੀ ਗਈ ਝੂਠ ਦੀ ਸਿਆਸਤ ਨੂੰ ਨਾ ਪਸੰਦ ਕਰਦਿਆਂ ਉਹਨਾਂ  ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਮਜੀਠਾ ਵਾਸੀਆਂ ਨੇ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਸ਼ੇਰਗਿੱਲ ਦੀ ਜ਼ਮਾਨਤ ਜ਼ਬਤ ਕਰਾ ਕੇ ਉਨ੍ਹਾਂ ਦੀ ਫੂਕ ਵੀ ਕੱਢ ਦਿੱਤੀ ਹੈ। ਉਹਨਾਂ ਕਿਹਾ ਕਿ ਝੂਠੇ ਅਤੇ ਕੂੜ ਪ੍ਰਚਾਰ ਕਰਨ ਵਾਲੇ ਕੇਜਰੀਵਾਲ ਨੂੰ ਢੁਕਵਾਂ ਮੂੰਹ ਤੋੜ ਜਵਾਬ ਦੇ ਲਈ ਵੀ ਉਹ ਮਜੀਠਾ ਵਾਸੀਆਂ ਦਾ ਸਦਾ ਰਿਣੀ ਰਹੇਗਾ।

ਸ: ਮਜੀਠੀਆ ਨੇ ਕਿਹਾ ਕਿ ਮਜੀਠਾ ਦੇ ਲਗਭਗ ਸਾਰੇ ਪਿੰਡਾਂ ਵਿੱਚ ਹੀ ਉਹਨਾਂ ਨੂੰ ਲੀਡ ਦਿੰਦਿਆਂ  23 ਹਜ਼ਾਰ ਤੋਂ ਵੱਧ ਦੀ ਵੱਡੀ ਲੀਡ ਨਾਲ ਜਿਤਾ ਕੇ ਲੋਕਾਂ ਨੇ ਮਜੀਠੇ ਤੋਂ ਕਾਂਗਰਸ ਦੇ ਹੱਕ ਵਿੱਚ ਚੋਣ ਬਿਗਲ ਵਜਾਉਣ ਵਾਲੇ ਰਾਹੁਲ ਗਾਂਧੀ ਨੂੰ ਵੀ ਮੂੰਹ ਤੋੜ ਜਵਾਬ ਦੇ ਦਿੱਤਾ ਹੈ। ਉਹਨਾਂ ਅਕਾਲੀ ਦਲ ਦੇ ਹੱਕ ਵਿੱਚ ਚਟਾਨ ਵਾਂਗ ਖੜੇ ਹੋ ਕੇ ਹਲਕੇ ਵਿੱਚ ਕਰਾਏ ਗਏ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਦੇ ਹੱਕ ਵਿੱਚ ਫਤਵਾ ਦੇਣ ਲਈ ਮਜੀਠੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਲਗਾਤਾਰ ਤੀਜੀ ਵਾਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇ ਕੇ ਲੋਕਾਂ ਵੱਲੋਂ ਉਸ ਪ੍ਰਤੀ ਜੋ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ ਉਸ ਲਈ ਪੰਜਾਬ ਵਿੱਚ ਹੁਣ ਕਾਂਗਰਸ ਦੀ ਸਰਕਾਰ ਬਣਨ ਦੇ ਬਾਵਜੂਦ ਉਹ ਮਜੀਠਾ ਹਲਕੇ ਦੇ ਵਿਕਾਸ, ਖੁਸ਼ਹਾਲੀ, ਲੋਕਾਂ ਦੀ ਸੇਵਾ ਅਤੇ ਭਲੇ ਲਈ ਲਗਾਤਾਰ ਆਵਾਜ਼ ਉਠਾਉਂਦਾ ਰਹੇਗਾ ਅਤੇ ਉਹਨਾਂ ਨੂੰ ਇਹ ਆਸ ਹੈ ਕਿ ਕਾਂਗਰਸ ਸਰਕਾਰ ਵੀ ਮਜੀਠਾ ਦੇ ਵਿਕਾਸ ਅਤੇ ਖੁਸ਼ਹਾਲੀ ਦੀ ਰਫ਼ਤਾਰ ਨੂੰ ਲਗਾਤਾਰ ਬਣਾਈ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੇਗੀ।

ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਪਿਛਲੇ ਦਸ ਸਾਲ ਲਗਾਤਾਰ ਪੰਜਾਬ ਦੀ ਰਾਜ ਸਤਾ ‘ਚ ਬਣਾਈ ਰਖਕੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਅਤੇ ਸਹਿਯੋਗ ਦੇਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਵਿਰੋਧੀ ਧਿਰ ਵਿੱਚ ਬੈਠਣ ਪ੍ਰਤੀ ਲੋਕਾਂ ਵੱਲੋਂ ਦਿੱਤੇ ਗਏ ਫਤਵੇ ਨੂੰ ਕਬੂਲ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟਾਇਆ ਕਿ ਆਉਣ ਵਾਲੀ ਕਾਂਗਰਸ ਸਰਕਾਰ ਰਾਜ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਦਲਿਤ ਭਾਈਚਾਰੇ ਨੂੰ ਸਹੂਲਤਾਂ ਦੇਣ ਅਤੇ ਘਰ ਘਰ ਸਰਕਾਰੀ ਨੌਕਰੀਆਂ ਦੇਣ ਆਦਿ ਕੀਤੇ ਗਏ ਚੋਣ ਵਾਅਦਿਆਂ ਨੂੰ ਜਲਦ ਤੋਂ ਜਲਦ ਪੂਰਿਆਂ ਕਰਦਿਆਂ ਲੋਕਾਂ ਪ੍ਰਤੀ ਆਪਣੇ ਜ਼ਿੰਮੇਵਾਰੀਆਂ ਨੂੰ ਤੁਰੰਤ ਨਿਭਾਉਣਗੇ।
ਇਸ ਮੌਕੇ ਸ: ਮਜੀਠੀਆ ਦੇ ਗ੍ਰਹਿ ਵਿਖੇ ਉਹਨਾਂ ਨੂੰ ਜਿਤ ਦੀ ਵਧਾਈ ਦੇਣ ਵਾਲਿਆਂ ਵਿਚ ਤਲਬੀਰ ਸਿੰਘ ਗਿਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਸ਼ਰ, ਜੋਧ ਸਿੰਘ ਸਮਰਾ,ਗੁਰਸ਼ਰਨ ਛੀਨਾ, ਗਗਨਦੀਪ ਭਕਨਾ,ਪਪੂ ਕੋਟਲਾ, ਤਰੁਨ ਅਬਰੋਲ, ਪ੍ਰਿਸ ਨਈਅਰ, ਅਜੈ ਚੋਪੜਾ, ਕਾਲਾ ਆੜਤੀਆ, ਬਾਬਾ ਮਹਿੰਦਰ ਸਿੰਘ, ਰਾਜੇਸ਼ ਕੁਮਾਰ ਲਾਟੀ, ਲਕੀ ਕਹੇੜ, ਪਪੂ ਕਾਮਰੇਡ, ਲਾਲੀ ਕਾਮਰੇਡ, ਜੈਪਾਲ ਮਹਾਜਨ, ਹੈਪੀ ਟਕਿਆਰ, ਮਲੂਕ ਸਿੰਘ ਫਤੂਭੀਲਾ, ਬਿਟੂ ਚਵਿੰਡਾਦੇਵੀ, ਸਤੀਸ਼ ਸ਼ਰਮਾ ਰੂਪੋਵਾਲੀ,ਕ੍ਰਿਪਾਲ ਸਿੰਘ ਚਵਿੰਡਾ, ਮਲੀ ਫਤੂਭੀਲਾ, ਹਰਪਾਲ ਚਵਿੰਡਾ ਦੇਵੀ ਆਦਿ ਮੌਜੂਦ ਸਨ।

Leave a Reply