ਹੋਲੇ ਮਹੱਲੇ ‘ਤੇ ਸ੍ਰੀ ਆਨੰਦਪੁਰ ਸਾਹਿਬ ‘ਚ ਲੱਗੀਆਂ ਰੌਣਕਾਂ (ਵੀਡੀਓ)

Bilaspur Punjab


ਸ੍ਰੀ ਆਨੰਦਪੁਰ ਸਾਹਿਬ (ਰਿਸ਼ੁ ਪ੍ਰਭਾਕਰ) : ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਵਰੋਸਾਈ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ‘ਤੇ ਪਾਵਨ ਨਗਰੀ ਵਿਖੇ ਸੰਗਤਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਇਸ ਮੌਕੇ ਸਾਰਾ ਮਾਹੌਲ ਖਾਲਸਾਈ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਸੀ। ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਵੱਲੋਂ ‘ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੁੰਜਾਊ ਜੈਕਾਰੇ ਲਾਏ ਜਾ ਰਹੇ ਸਨ, ਜੋ ਮਾਹੌਲ ਨੂੰ ਅਲੌਕਿਕ ਧਾਰਮਿਕ ਰੂਪ ਪ੍ਰਦਾਨ ਕਰ ਰਹੇ ਸਨ। ਇਸ ਸਮੇਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਗਏ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਦੀਵਾਨ ਆਰੰਭ ਕੀਤੇ ਗਏ। ਇਸ ਸਮੇਂ ਹਜ਼ੂਰੀ ਰਾਗੀ ਜੱਥਿਆਂ ਵਲੋਂ ਇਲਾਹੀ ਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਗੁਰਦੁਆਰਾ ਸਾਹਿਬਾਨ ਨੂੰ ਖੂਬਸੂਰਤੀ ਨਾਲ ਸ਼ਿੰਗਾਰਿਆ ਤਖਤ ਸ੍ਰੀ ਕੇਸਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਸ੍ਰੀ ਭੋਰਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਅਤੇ ਗੁਰਦੁਆਰਾ ਸਾਹਿਬਾਨ ਵਿਚ ਸੰਗਤਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੌਮੀ ਤਿਉਹਾਰ ਹੋਲੇ-ਮਹੱਲੇ ਵਿਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਇਸ ਕੌਮੀ ਜੋੜ ਮੇਲੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਲਗਾਤਾਰ ਜਾਰੀ ਰਿਹਾ।
ਹੋਲੇ-ਮਹੱਲੇ ‘ਤੇ ਗੁਰਦੁਆਰਾ ਸਾਹਿਬਾਨ ਵਿਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਤਾਂਤਾ ਲੱਗਿਆ ਰਿਹਾ। ਕੇਸਰੀ ਤੇ ਨੀਲੀਆਂ ਦਸਤਾਰਾਂ ਨਾਲ ਸਜੀਆਂ ਹੋਈਆਂ ਸੰਗਤਾਂ ਅਤੇ ਕੇਸਰੀ ਤੇ ਨੀਲੀਆਂ ਚੁੰਨੀਆਂ ਸਿਰਾਂ ‘ਤੇ ਸਜਾਈ ਬੀਬੀਆਂ ਸਮੁੱਚੇ ਮਾਹੌਲ ਨੂੰ ਖਾਲਸਾਈ ਰੰਗ ਵਿਚ ਰੰਗ ਰਹੀਆਂ ਸਨ। ਇਸ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਹਮਣੇ ਸਥਿਤ ਗਰਾਊਂਡ ਦੇ ਕੋਲ ਸਥਿਤ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਸਥਾਨਕ ਧਾਰਮਿਕ ਡੇਰਿਆਂ ਵਿਚ ਗੁਰਬਾਣੀ ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਰਿਹਾ ਅਤੇ ਸੰਗਤਾਂ ਅਲੌਕਿਕ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੀਆਂ ਸਨ। ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਵਾਲੀ ਸੰਗਤ ਲਈ ਥਾਂ-ਥਾਂ ‘ਤੇ ਵੰਨ-ਸੁਵੰਨੇ ਲੰਗਰਾਂ ਦਾ ਪ੍ਰਬੰਧ ਇਲਾਕੇ ਅਤੇ ਹੋਰ ਆਲੇ-ਦੁਆਲੇ ਦੀ ਸੰਗਤਾਂ ਵੱਲੋਂ ਕੀਤਾ ਗਿਆ ਸੀ। ਸੰਗਤਾਂ ਦੇਸ਼-ਵਿਦੇਸ਼ ਤੋਂ ਟਰੱਕਾਂ, ਬੱਸਾਂ, ਕਾਰਾਂ, ਮੋਟਰਸਾਈਕਲਾਂ, ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਬਹੁਤ ਵੱਡੀ ਗਿਣਤੀ ‘ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਪੁੱਜ ਰਹੀਆਂ ਸਨ।

Leave a Reply