ਪੰਜਾਬ ਬਾਰੇ ਚੋਣ ਸਰਵੇਖਣਾਂ ਦੀ ਚੀਰ-ਫਾੜ

Amritsar Punjab

ਏਜੰਸੀ : ਨੌਂ ਮਾਰਚ ਨੂੰ ਤਕਰੀਬਨ ਹਰ ਟੀ.ਵੀ. ਚੈਨਲ ਤੇ ਅਖਬਾਰ ਨੇ 5 ਸੂਬਿਆਂ ਦੇ ਚੋਣ ਨਤੀਜਿਆਂ ਲਈ ਸਰਵੇ ਜਾਰੀ ਕੀਤੇ ਹਨ। ਇਨ੍ਹਾਂ ਸਾਰੇ ਸਰਵੇਖਣਾਂ ਵਿੱਚ ਇੱਕ ਗੱਲ ਸਾਂਝੀ ਹੈ। ਉਹ ਹੈ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਵੱਡਾ ਝਟਕਾ। ‘234’ ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲਾ ਗੱਠਜੋੜ ਦੋਹੜੇ ਅੰਕੜੇ ਤੱਕ ਵੀ ਪਹੁੰਚਦਾ ਦਿਖਾਈ ਨਹੀਂ ਦਿੰਦਾ।

ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਹੀ ਪੰਜਾਬ ਵਿੱਚ ਨਵੀਂ ਸਰਕਾਰ ਬਣਾਏਗੀ। ਤਕਰੀਬਨ ਹਰੇਕ ਚੈਨਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਕ੍ਰਮਵਾਰ ਥੋੜੀਆਂ-ਥੋੜੀਆਂ ਸੀਟਾਂ ਨੂੰ ਲੈ ਕੇ ਫਰਕ ਦੱਸਿਆ ਹੈ। ਵੀਰਵਾਰ ਨੂੰ 4 ਏਜੰਸੀਆਂ ਦੇ ਸਰਵੇ ਵੱਖ-ਵੱਖ ਚੈਨਲਾਂ ਨੇ ਦਿਖਾਏ।

ਇੰਡੀਆ ਟੀਵੀ ਦੀ ਮੰਨੀਏ ਤਾਂ ਸਭ ਤੋਂ ਵੱਧ ਸੀਟਾਂ 59-67 ਆਮ ਆਦਮੀ ਪਾਰਟੀ ਨੂੰ ਹਾਸਲ ਹੋ ਰਹੀਆਂ ਹਨ, ਜਦਕਿ ਕਾਂਗਰਸ ਨੂੰ 41-49 ਤੇ ਅਕਾਲੀ-ਭਾਜਪਾ ਗਠਜੋੜ 5-13 ਸੀਟਾਂ ‘ਤੇ ਹੀ ਸਿਮਟ ਕੇ ਰਹਿ ਜਾਵੇਗਾ। ਇਸ ਸਰਵੇ ਨੇ ਬਾਕੀਆਂ ਨੂੰ ਵੀ 3 ਸੀਟਾਂ ਮਿਲਣ ਦਾ ਅੰਦਾਜ਼ਾ ਲਾਇਆ ਹੈ।

ਇੰਡੀਆ ਟੂਡੇ ਐਕਿਸਸ ਦੇ ਪੋਲ ਮੁਤਾਬਕ ਕਾਂਗਰਸ ਪਾਰਟੀ 62-71 ਦੀ ਵੱਡੀ ਲੀਡ ਜਿੱਤ ਸਕਦੀ ਹੈ ਜਦਕਿ ‘ਆਪ’ 42-51 ਸੀਟਾਂ ਤੱਕ ਰਹਿ ਜਾਵੇਗੀ ਤੇ ਅਕਾਲੀ-ਭਾਜਪਾ ਨੂੰ ਸਿਰਫ 4-7 ਸੀਟਾਂ ‘ਤੇ ਸਬਰ ਕਰਨਾ ਪਏਗਾ। ਬਾਕੀਆਂ ਨੂੰ 2 ਸੀਟਾਂ ਮਿਲ ਸਕਦੀਆਂ ਹਨ।

ਨਿਊਜ਼-24 ਚਾਣਕਿਆ ਦਾ ਐਗਜ਼ਿਟ ਪੋਲ ਕਾਂਗਰਸ ਤੇ ‘ਆਪ’ ਦੋਵਾਂ ਨੂੰ 54-54 ਬਰਾਬਰ ਸੀਟਾਂ ਦੇ ਰਿਹਾ ਹੈ। ਅਕਾਲੀ-ਬੀਜੇਪੀ ਨੂੰ 9 ਤੇ ਬਾਕੀਆਂ ਨੂੰ ਕੋਈ ਸੀਟ ਨਹੀਂ। ਇਸ ਦੇ ਨਾਲ ਇੰਡੀਆ ਨਿਊਜ਼ MRC ਮੁਤਾਬਕ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਬਰਾਬਰ 55-55 ਸੀਟਾਂ ਮਿਲਣਗੀਆਂ ਜਦਕਿ ਅਕਾਲੀ-ਭਾਜਪਾ ਸਿਰਫ 7 ਸੀਟਾਂ ‘ਤੇ ਰਹਿ ਜਾਵੇਗਾ।

ਇਨ੍ਹਾਂ ਸਰਵੇਖਣਾਂ ਦੀ ਚੀਰ-ਫਾੜ ਕਰੀਏ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਬਰਾਬਰ ਦੀ ਟੱਕਰ ‘ਤੇ ਹਨ। ਦੋਵਾਂ ਦਰਮਿਆਨ ਜਿੱਤ-ਹਾਰ ਦਾ ਫੈਸਲਾ ਬਹੁਤ ਹੀ ਥੋੜੇ ਫਰਕ ਨਾਲ ਹੋਣ ਦੇ ਆਸਾਰ ਹਨ। ਜ਼ਿਆਦਾਤਕ ਸਰਵੇ ਦੋਵਾਂ ਨੂੰ ਬਰਾਬਰ ਦੀਆਂ ਸੀਟਾਂ ਦੇ ਰਹੇ ਹਨ ਜਦਕਿ ਸੱਤਾਧਿਰ ਕਿਸੇ ਵੀ ਮੁਕਾਬਲੇ ‘ਚ ਨਹੀਂ।

ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ 59 ਜਾਂ ਉਸ ਤੋਂ ਵੱਧ ਸੀਟਾਂ ਦਾ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਹੀ ਸਰਕਾਰ ਬਣਾਏਗੀ। ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਅਜਿਹਾ ਵੀ ਹੋ ਸਕਦਾ ਹੈ ਕਿ ਦੋਵਾਂ ਧਿਰਾਂ ਦੀ ਫਸਵੀਂ ਟੱਕਰ ਦਰਮਿਆਨ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲੇ। ਅਜਿਹੇ ਵਿੱਚ ਸਿਆਸੀ ਮਾਹਿਰ ਲਟਕਵੀਂ ਵਿਧਾਨ ਸਭਾ ਬਣਨ ਦੇ ਅੰਦਾਜ਼ੇ ਵੀ ਲਾ ਰਹੇ ਹਨ।

ਇਨ੍ਹਾਂ ਸਭ ਕਿਆਸਅਰਾਈਆਂ ਦਰਮਿਆਨ ਦਿਲਚਸਪ ਪਹਿਲੂ ਇਹ ਹੈ ਕਿ ਸਰਵੇ ਤੇ ਲੋਕਾਂ ਦੇ ਮਨਾਂ ‘ਚ ਫਾਡੀ ਰਹਿਣ ਵਾਲਾ ਅਕਾਲੀ-ਭਾਜਪਾ ਗਠਜੋੜ ਹਾਲੇ ਵੀ ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰ ਰਿਹਾ ਹੈ। ਖੈਰ ਕੁਝ ਘੰਟੇ ਬਾਕੀ ਹਨ ਤੇ ਪਤਾ ਲੱਗ ਜਾਵੇਗਾ ਕਿ ਪੰਜਾਬ ‘ਚ ਪਹਿਲੀ ਵਾਰ ਮੈਦਾਨ ‘ਚ ਨਿਤਰਨ ਵਾਲਿਆਂ ਦੀ ਸਰਕਾਰ ਬਣੇਗੀ, ਆਖਰੀ ਮੌਕੇ ਵਾਲੇ ਕੈਪਟਨ ਦੀ ਬਣੇਗੀ ਜਾਂ ਫਿਰ ਤੀਜੀ ਵਾਰ ਦਾਅਵਾ ਕਰਨ ਵਾਲੇ ਮੁੜ ਸੱਤਾ ‘ਚ ਆ ਕੇ ਕੋਈ ਚਮਤਕਾਰ ਕਰਨਗੇ।

Leave a Reply