ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਹੋਸਟਲ ‘ਚ ਫਾਹਾ ਲੈ ਕੇ ਖੁਦਕੁਸ਼ੀ

Amritsar Punjab

ਅੰਮ੍ਰਿਤਸਰ, (ਸਨੀ ਸਹੋਤਾ )– ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਹਿਲਾ ਹੋਸਟਲ ਦੇ ਕਮਰੇ ‘ਚ ਰਮਨਦੀਪ ਕੌਰ ਨਿਵਾਸੀ ਰਈਆ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਰਮਨਦੀਪ ਬੀ. ਏ. ਭਾਗ-1 ਦੀ ਵਿਦਿਆਰਥਣ ਸੀ। ਆਤਮ-ਹੱਤਿਆ ਕੀਤੇ ਜਾਣ ਦੇ ਕਾਰਨਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ, ਜਦੋਂ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਪੜ੍ਹਾਈ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੰਟੋਨਮੈਂਟ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ।  ਰਮਨਦੀਪ ਕੌਰ ਸੋਸ਼ਲ ਸਾਇੰਸ ‘ਚ ਇਸ ਸਾਲ ਦਾਖਲਾ ਲੈ ਕੇ ਯੂਨੀਵਰਸਿਟੀ ਆਈ ਸੀ ਤੇ ਮਹਿਲਾ ਹੋਸਟਲ ਨੰ. 2 ‘ਚ ਰਹਿੰਦੀ ਸੀ। ਪੜ੍ਹਾਈ ਨੂੰ ਲੈ ਕੇ ਪ੍ਰੇਸ਼ਾਨ ਰਹਿਣ ਕਾਰਨ ਉਹ ਕਿਸੇ ਨਾਲ ਜ਼ਿਆਦਾ ਦੋਸਤੀ ਵੀ ਨਹੀਂ ਰੱਖਦੀ ਸੀ। ਪਿਛਲੀ ਰਾਤ ਉਸ ਦੀ ਰੂਮਮੇਟ ਹੋਸਟਲ ਦੇ ਬਾਹਰ ਟਹਿਲ ਰਹੀ ਸੀ ਤੇ ਉਹ ਕਮਰੇ ‘ਚ ਇਕੱਲੀ ਸੀ। ਰਾਤ 10:30 ਵਜੇ ਦੇ ਕਰੀਬ ਜਦੋਂ ਉਸ ਦੀ ਰੂਮਮੇਟ ਕਮਰੇ ‘ਚ ਆਈ ਤਾਂ ਦਰਵਾਜ਼ਾ ਨਾ ਖੁੱਲ੍ਹਣ ‘ਤੇ ਉਸ ਨੇ ਸੁਰੱਖਿਆ ਗਾਰਡ ਨੂੰ ਸੂਚਿਤ ਕੀਤਾ। ਜਦੋਂ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਰਮਨਦੀਪ ਛੱਤ ਨਾਲ ਫਾਹਾ ਲੈ ਕੇ ਲਟਕ ਰਹੀ ਸੀ। ਸਟਾਫ ਵੱਲੋਂ ਉਸ ਨੂੰ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਸ ਨੇ ਪੋਸਟਮਾਰਟਮ ਉਪਰੰਤ ਲਾਸ਼ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ।

Leave a Reply