ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

Kharar Punjab

ਖਰੜ (ਡੈਵਿਟ ਵਰਮਾ) ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸੈਕਟਰੀ ਮੈਡਮ ਸ਼ਿਖਾ ਗੋਇਲ ਦੀ ਅਗਵਾਈ ਵਿੱਚ ਅੱਜ ਖਰੜ ਵਿਖੇ ਵਿਸ਼ੇਸ਼ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਜੱਜ ਸ਼ਿਖਾ ਗੋਇਲ ਨੇ ਕਿਹਾ ਕਿ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸਹੂਲਤ ਲਈ ਬਣੀਆਂ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਲੋਕ ਅਤੇ ਗ੍ਰਾਮ ਪੰਚਾਇਤਾਂ ਇਸ ਤੋਂ ਜਾਣੂ ਨਹੀਂ ਹਨ। ਉਨਾਂ ਕਿਹਾ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਮੇਂ ਸਮੇਂ ਸਿਰ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਸਰਕਾਰਾਂ ਵਲੋਂ ਗਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਤੋਂ ਵੀ ਗਰੀਬ ਲੋਕ ਵਾਕਿਫ ਨਹੀਂ ਹੁੰਦੇ। ਇਸ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਉਨਾਂ ਨੂੰ ਮਿਲਣ ਵਾਲੀਆਂ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਅੱਜ ਪੰਚਾਇਤਾਂ ਲੋਕਾਂ ਤੱਕ ਸਕੀਮਾਂ ਨੂੰ ਪਹੁੰਚਾਉਣਾ ਹੀ ਨਹੀਂ ਚਾਹੁੰਦੀਆਂ ਜਦੋਂ ਕਿ ਇਹ ਉਨਾਂ ਦੀ ਡਿਊਟੀ ਪਹਿਲ ਦੇ ਆਧਾਰ ਤੇ ਬਣਦੀ ਹੈ ਕਿ ਲੋੜਵੰਦਾਂ ਨੂੰ ਮਿਲਣ ਵਾਲੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨਾਂ ਗ੍ਰਾਮ ਪੰਚਾਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਲੋੜਵੰਦ ਲੋਕਾਂ ਦੇ ਸਕੀਮਾਂ ਪ੍ਰਤੀ ਫਾਰਮ ਭਰਕੇ ਉਨਾਂ ਨੂੰ ਸੂਚੀ ਭੇਜੀ ਜਾਵੇ ਤਾਂ ਜੋ ਕਿ ਉਹ ਅਗਲੇਰੀ ਕਾਰਵਾਈ ਕਰ ਸਕਣ। ਉਨਾਂ ਦੱਸਿਆ ਕਿ ਸਾਲਾਨਾ 3 ਲੱਖ ਤੋਂ ਘੱਟ ਇਨਕਮ ਵਾਲੇ ਪਰਿਵਾਰ ਨੂੰ ਵੀ ਜੇਕਰ ਉਨਾਂ ਉਤੇ ਕੋਈ ਕੇਸ ਹੁੰਦਾ ਹੈ ਤਾਂ ਉਨਾ ਨੂੰ ਵਕੀਲ ਮੁਫਤ ਦਿੱਤਾ ਜਾਂਦਾ ਹੈ ਅਤੇ ਇਸ ਸਬੰਧੀ ਵੀ ਲੋਕ ਜਾਗਰੂਕ ਨਹੀਂ। ਉਨਾਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜ਼ਿਲੇ ਵਿੱਚ ਲਗਦੇ ਮੁਫਤ ਕਾਨੂੰਨੀ ਜਾਗਰੂਕਤਾ ਕੈਂਪਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਕਿ ਉਨਾਂ ਨੂੰ ਵੀ ਮੁਫਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਮਿਲ ਸਕੇ ਅਤੇ ਉਹ ਲੋਕਾਂ ਤੱਕ ਇਸ ਨੂੰ ਦੱਸ ਸਕਣ। ਇਸ ਮੌਕੇ ਬੀ.ਡੀ.ਪੀ.ਓ. ਰਣਜੀਤ ਸਿੰਘ ਬੈਂਸ, ਲੀਗਲ ਪੈਰਾ ਵਲੰਟੀਅਰ ਅਜੈਬ ਸਿੰਘ ਅਭੇਪੁਰ ਵੀ ਹਾਜ਼ਰ ਸਨ।

Leave a Reply