ਮੁੱਖ ਮੰਤਰੀ ਵੱਲੋਂ ਬੰਬ ਧਮਾਕੇ ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ !!

Amritsar Top Slide

 

ਅੰਮ੍ਰਿਤਸਰ, (ਹਨੀ ਮੇਹਰਾ )-ਬੀਤੀ ਸ਼ਾਮ ਕਵਾੜ ਦੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਮਾਰੇ ਗਏ 2 ਵਿਅਕਤੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਉਥੇ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਪੰਜਾਬ ਸਰਕਾਰ ਦੀ ਤਰਫੋਂ ਕਰਵਾਉਣ ਦੀ ਹਦਾਇਤ ਵੀ ਕੀਤੀ। ਹਾਦਸੇ ਤੋਂ ਤਰੁੰਤ ਬਾਅਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਸ਼ਿਵਦੁਲਾਰ ਸਿੰਘ ਢਿਲੋਂ ਕੋਲੋਂ ਸਾਰੀ ਘਟਨਾ ਦਾ ਵੇਰਵਾ ਲੈਂਦੇ ਮੁੱਖ ਮੰਤਰੀ ਪੰਜਾਬ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਹਦਾਇਤ ਕੀਤੀ।
ਹਾਦਸੇ ਤੋਂ ਛੇਤੀ ਬਾਅਦ ਡਿਪਟੀ ਕਮਿਸ਼ਨਰ ਸ. ਢਿਲੋਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਸਿਵਲ ਹਸਪਤਾਲ ਅਤੇ ਸ੍ਰੀ ਗੁਰੂ ਨਾਨਕ ਹਸਪਤਾਲ ਗਏ, ਜਿੱਥੇ ਕਿ 6 ਜ਼ਖਮੀਆਂ ਨੂੰ ਲਿਆਂਦਾ ਗਿਆ ਸੀ। ਉਨਾਂ ਹਸਪਤਾਲ ਦੇ ਇੰਚਾਰਜ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਹੋਏ ਸਪੱਸ਼ਟ ਕੀਤਾ ਕਿ ਕਿਸੇ ਵੀ ਜ਼ਖਮੀ ਦਾ ਇਕ ਪੈਸਾ ਵੀ ਇਲਾਜ ਉਤੇ ਖਰਚ ਨਹੀਂ ਹੋਣਾ ਚਾਹੀਦਾ, ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਡਾਕਟਰਾਂ ਨੂੰ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਜ਼ਖਮੀਆਂ ਨੂੰ ਮਿਲੇ ਅਤੇ ਢਾਰਸ ਦਿੰਦੇ ਮੁੱਖ ਮੰਤਰੀ ਪੰਜਾਬ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਉਨਾਂ ਦੱਸਿਆ ਕਿ ਇਕ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਪੰਜ ਜ਼ਖਮੀਆਂ ਦਾ ਇਲਾਜ ਦੋਵਾਂ ਹਸਪਤਾਲਾਂ ਵਿਚ ਚੱਲ ਰਿਹਾ ਹੈ।
ਇਸੇ ਦੌਰਾਨ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਨੇ ਧਮਾਕੇ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਸੀ. ਪੀ. ਅਤੇ ਹੋਰ ਸੀਨੀਅਰ ਅਧਿਕਾਰੀ, ਜੋ ਕਿ ਇਲਾਕੇ ਨਾਲ ਡਿਊਟੀ ਤੌਰ ਉਤੇ ਸਬੰਧਤ ਨਹੀਂ ਹਨ, ਨੂੰ ਸਾਰੀ ਘਟਨਾ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ, ਤਾਂ ਜੋ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਉਨਾਂ ਹਦਾਇਤ ਕੀਤੀ ਕਿ ਧਮਾਕੇ ਦੌਰਾਨ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖਿਆ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ।

Leave a Reply