4 ਧਮਾਕਿਆਂ ਨਾਲ ਕੰਬਿਆ ਜਲੰਧਰ ਦਾ ਮਕਸੂਦਾਂ ਥਾਣਾ, ਲੋਕਾਂ ਵਿਚ ਦਹਿਸ਼ਤ

Jalandhar Punjab top Uncategorized

ਜਲੰਧਰ ( ਵਰਿੰਦਰ ਰਾਜਪੂਤ ) ਜਲੰਧਰ ਦੇ ਥਾਣਾ ਮਕਸੂਦਾਂ ਵਿਚ 1 ਤੋਂ ਬਾਅਦ ਇਕ 4 ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ‘ਚ ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਅਤੇ ਮੰਡ ਚੌਕੀ ਦਾ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਅਤੇ ਥਾਣੇ ਦਾ ਸੰਤਰੀ ਵੀ ਜ਼ਖਮੀ ਹੋਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਧਮਾਕਿਆਂ ਦੀ ਸੂਚਨਾ ਮਿਲਦਿਆਂ ਹੀ ਮਕਸੂਦਾਂ ਥਾਣੇ ਦੇ ਮੁਖੀ ਰਮਨਦੀਪ ਸਿੰਘ, ਏ. ਡੀ. ਸੀ. ਪੀ. ਸਿਟੀ -1 ਪਰਮਿੰਦਰ ਸਿੰਘ ਭੰਡਾਲ, ਡੀ. ਐੱਸ. ਪੀ. ਕਰਤਾਰਪੁਰ ਦਿਗਵਿਜੇ ਕਪਿਲ, ਐੱਸ. ਪੀ. ਹੈੱਡਕੁਆਟਰ ਗੁਰਮੀਤ ਸਿੰਘ, ਐੱਸ. ਐੱਚ. ਓ. ਡਵੀਜ਼ਨ-1 ਕੁਲਵੰਤ ਸਿੰਘ ਆਦਿ ਸਣੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕੇ ਥਾਣੇ ‘ਚ ਬਣੇ ਮਾਲ ਖਾਨੇ ‘ਚ ਹੋਏ ਹਨ। ਜਦੋਂ ਕਿ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਧਮਾਕੇ ਉਥੇ ਖੜ੍ਹੇ ਬਾਈਕ ਜਾਂ ਕਾਰ ਦੀ ਬੈਟਰੀ ਫੱਟਣ ਕਾਰਨ ਹੋਏ ਹਨ। ਥਾਣੇ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਮੌਕੇ ‘ਤੇ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਖੁਦ ਜਾਂਚ ਕਰਨ ਪਹੁੰਚੇ। ਹਮਲੇ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ, ਜਿਸ ਗੱਲ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਵੀ ਮਨ੍ਹਾ ਨਹੀਂ ਕਰ ਰਹੇ।

ਥਾਣਾ ਮਕਸੂਦਾਂ ‘ਚ ਬੰਬ ਧਮਾਕੇ ਤੋਂ ਬਾਅਦ ਥਾਣੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚੋਂ ਪੁਲਸ ਨੂੰ ਜਾਂਚ ‘ਚ ਕਾਫੀ ਕੁਝ ਸਾਫ ਹੋ ਜਾਵੇਗਾ, ਜਿਸ ‘ਚ ਬੰਬ ਕਿਵੇਂ ਤੇ ਕਿਥੋਂ ਆਏ ਇਹ ਵੀ ਪਤਾ ਚਲ ਸਕਦਾ ਹੈ ਪਰ ਪੁਲਸ ਮੀਡੀਆ ਨੂੰ ਕੈਮਰਿਆਂ ਬਾਰੇ ਕੋਈ ਜਾਣਕਾਰੀ ਦੇਣ ਤੋਂ ਆਨਾਕਾਨੀ ਕਰ ਰਹੀ ਹੈ।

ਮੌਕੇ ‘ਤੇ ਪਹੁੰਚੇ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਸਾਫ ਸ਼ਬਦਾਂ ਕਿਹਾ ਕਿ ਮਾਹੌਲ ਖਰਾਬ ਕਰਨ ਲਈ ਅੱਤਵਾਦੀ ਸੰਗਠਨ ਵੀ ਇਸ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ ਜਾਂ ਫਿਰ ਕੋਈ ਹੋਰ ਵੀ। ਸਵੇਰੇ ਫਾਰੈਂਸਿਕ ਟੀਮ ਆ ਕੇ ਥਾਣੇ ‘ਚ ਜਾਂਚ ਕਰੇਗੀ ਕਿ ਬੰਬ ‘ਚ ਕਿਹੜੇ ਵਿਸਫੋਟਕ ਪਦਾਰਥ ਸਨ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਗ੍ਰਿਫਤਾਰ ਕਰ ਲਏ ਜਾਣਗੇ। ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਅੱਜ ਦੁਪਹਿਰ ਤੋਂ ਹੀ ਜਲੰਧਰ ਫੇਰੀ ‘ਤੇ ਸਨ।

Leave a Reply