ਨਾਭਾ ਜੇਲ ਕਾਂਡ : ਸੀ. ਬੀ. ਆਈ. ਜਾਂਚ ਦੀ ਉੱਠੀ ਮੰਗ, ਪੁਲਸ ਅਤੇ ਸਰਕਾਰ ‘ਤੇ ਖੜ੍ਹੇ ਹੋਏ ਸਵਾਲ

Nabha Patiala Punjab

sukhbir-singh-badalਅੰਮ੍ਰਿਤਸਰ – ਨਾਭਾ ‘ਚ ਐਤਵਾਰ ਦੀ ਸਵੇਰ ਪੁਲਸ ਦੀ ਵਰਦੀ ‘ਚ ਆਏ ਹਮਲਾਵਰਾਂ ਵੱਲੋਂ 2 ਅੱਤਵਾਦੀਆਂ ਅਤੇ 4 ਗੈਂਗਸਟਰਾਂ ਨੂੰ ਭਜਾ ਕੇ ਲਿਜਾਣ ਦੌਰਾਨ ਜਿੱਥੇ ਪੁਲਸ ਨੇ ਪਹਿਲੀ ਨਾਲਾਇਕੀ ਮੁਕਾਬਲਾ ਨਾ ਕਰਨ ‘ਚ ਦਿਖਾਈ, ਉੱਥੇ ਹੀ ਦੂਜੀ ਲਾਪਰਵਾਹੀ ਸੰਪਰਕ ‘ਚ ਵੀ ਹੋਈ। ਪਟਿਆਲਾ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ 9.08 ਮਿੰਟ ‘ਤੇ ਸਾਰੇ ਅਲਰਟ ਜਾਰੀ ਕਰ ਦਿੱਤਾ ਸੀ। ਜਦੋਂ ਕਿ ਸਮਾਣਾ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਖਹਿਰਾ ਮੁਤਾਬਕ ਉਨ੍ਹਾਂ ਨੂੰ 9.15 ਵਜੇ ਪਤਾ ਲੱਗਾ। ਉੱਥੇ ਹੀ ਹਰਿਆਣਾ ਪੁਲਸ ਕੋਲ ਵੀ ਸੰਪਰਕ ਦਾ ਇਕੋ ਜਿਹਾ ਸਮਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ‘ਚ ਵੱਡੀ ਚੂਕ ਕਾਰਨ ਹੀ ਗੁਰਦਾਸਪੁਰ ਅਤੇ ਪਠਾਨਕੋਟ ‘ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਦੇ ਬਾਅਦ ਵੀ ਸਰਕਾਰ ਨੇ ਕੋਈ ਸਖਤ ਕਦਮ ਨਹੀਂ ਚੁੱਕਿਆ। ਨਾਭਾ ਜੇਲ ‘ਚ ਹੋਈ ਘਟਨਾ ਨੇ ਸਰਕਾਰ ਅਤੇ ਪੁਲਸ ਦੋਹਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਤਕ 1 ਅੱਤਵਾਦੀ ਫੜਿਆ ਗਿਆ ਹੈ, ਜਦੋਂ ਕਿ ਬਾਕੀ 5 ਦਾ ਅਜੇ ਤਕ ਕੋਈ ਪਤਾ ਨਹੀਂ ਚੱਲ ਸਕਿਆ ਹੈ।

ਨਾਭਾ ਜੇਲ ਦੀ ਸੁਰੱਖਿਆ, ਸਰਕਾਰ ‘ਤੇ ਖੜ੍ਹੇ ਹੋਏ ਸਵਾਲ
ਨਾਭਾ ਜੇਲ ਦੇ ਮੁੱਖ ਗੇਟ ‘ਤੇ ਖੱਬੇ ਪਾਸੇ ਲੱਗੀ ਹੋਈ ਕਰੰਟ ਵਾਲੀ ਤਾਰ ਕੱਟੀ ਹੋਈ ਪਾਈ ਗਈ। ‘ਜਗਬਾਣੀ’ ਦੀ ਪੜਤਾਲ ‘ਚ ਸਾਹਮਣੇ ਆਇਆ ਹੈ ਕਿ ਨਾਭਾ ਜੇਲ ‘ਚ ਕਈ ਤਰ੍ਹਾਂ ਦੇ ਲੈਪਸ ਹਨ, ਜਿੱਥੋਂ ਕੋਈ ਵੀ ਵਿਅਕਤੀ ਆਸਾਨੀ ਨਾਲ ਆ ਜਾ ਸਕਦਾ ਹੈ।
* ਦਰਖਤਾਂ ਦੀਆਂ ਟਾਹਣੀਆਂ ਵੀ ਜੇਲ ਦੇ ਅੰਦਰ ਤਕ ਪਹੁੰਚੀਆਂ ਹਨ, ਜਿਨ੍ਹਾਂ ਰਾਹੀਂ ਕੋਈ ਵੀ ਵਿਅਕਤੀ ਦਰਖਤ ‘ਤੇ ਚੜ੍ਹ ਕੇ ਅੰਦਰ ਦਾਖਲ ਹੋ ਸਕਦਾ ਹੈ।
* ਜੇਲ ਦੇ ਮੁੱਖ ਗੇਟ ਦੇ ਨੇੜੇ ਬਣਿਆ ਲੋਹੇ ਦਾ ਛੋਟਾ ਗੇਟ ਬਹੁਤ ਹੀ ਹਲਕਾ ਹੈ, ਜ਼ੋਰ ਦੇ ਝਟਕੇ ਨਾਲ ਆਸਾਨੀ ਨਾਲ ਟੁੱਟ ਸਕਦਾ ਹੈ।
* ਅੱਜ ਵੀ ਨਾਭਾ ਜੇਲ ‘ਚ ਕੋਈ ਖਾਸ ਸੁਰੱਖਿਆ ਨਹੀਂ ਦਿਸੀ ਅਤੇ ਨਾ ਹੀ ਕੋਈ ਨਾਕਾਬੰਦੀ।
ਪੁਲਸ ਅਫਸਰ ਨੋਟਬੰਦੀ ‘ਚ ਰੁੱਝੇ, ਗੈਂਗਸਟਰਾਂ ਨੂੰ ਮਿਲਿਆ ਮੌਕਾ
ਨਾਭਾ ਜੇਲ ‘ਤੇ ਹਮਲਾ ਕਰਨ ਵਾਲੇ ਗੈਂਗਸਟਰਾਂ ਨੇ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਇਹ ਸਮਾਂ ਚੁਣਿਆ ਸੀ। ਗੈਂਗਸਟਰ ਪੁਲਸ ਅਫਸਰਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਨੂੰ ਇਹ ਗੱਲ ਪਤਾ ਸੀ ਕਿ ਨੋਟਬੰਦੀ ਕਾਰਨ ਪੁਲਸ ਅਫਸਰ ਕਾਲਾ ਧਨ ਫੜਨ ‘ਚ ਲੱਗੇ ਹੋਏ ਹਨ। ਇਸ ਦੇ ਨਾਲ-ਨਾਲ ਕੁਝ ਅਫਸਰ ਵੀ ਕਾਲਾ ਧਨ ਟਿਕਾਣੇ ਲਾਉਣ ‘ਚ ਵਿਅਸਤ ਹਨ। ਗੈਂਗਸਟਰਾਂ ਨੇ ਇਸੇ ਮੌਕੇ ਦਾ ਫਾਇਦਾ ਚੁੱਕਿਆ। ਸੂਤਰਾਂ ਮੁਤਾਬਕ ਨੋਟਬੰਦੀ ਦਾ ਨੁਕਸਾਨ ਪੁਲਸ ਅਫਸਰਾਂ ਨੂੰ ਵੀ ਹੋਇਆ ਹੈ। ਜਿੱਥੇ ਇਕ ਪਾਸੇ ਪੁਲਸ ਅਫਸਰ ਆਪਣਾ ਕਾਲਾ ਧਨ ਟਿਕਾਣੇ ਲਾਉਣ ‘ਚ ਲੱਗੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਆਗੂਆਂ ਅਤੇ ਵੱਡੇ ਪ੍ਰਭਾਵਸ਼ਾਲੀ ਲੋਕਾਂ ਦਾ ਕਾਲਾ ਧਨ ਟਿਕਾਣੇ ਲਾਉਣ ਦਾ ਕੰਮ ਵੀ ਕੁਝ ਪੁਲਸ ਅਫਸਰ ਕਰ ਰਹੇ ਹਨ।
ਜੇਲ ਸੁਰੱਖਿਆ ‘ਚ 40 ਫੀਸਦੀ ਸਟਾਫ
ਨਾਭਾ ਜੇਲ ਦੀ ਸੁਰੱਖਿਆ ਕਰਨ ਵਾਲੇ ਕਰਮਚਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਲੋੜ ਮੁਤਾਬਕ ਇੱਥੇ ਕੁੱਲ 197 ਕਰਮਚਾਰੀਆਂ ਦੀ ਲੋੜ ਹੈ, ਜਦੋਂ ਕਿ ਮੌਜੂਦਾ ਕਰਮਚਾਰੀ ਸਿਰਫ 71 ਹਨ ਅਤੇ 126 ਕਰਮਚਾਰੀਆਂ ਦੀ ਕਮੀ ਹੋਣ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਜੇਲ ਦੀ ਸੁਰੱਖਿਆ ਸਿਰਫ 40 ਫੀਸਦੀ ਸਟਾਫ ਦੇ ਹਵਾਲੇ ਹੈ। ਇੱਥੇ ਸਰਕਾਰ ਦੀ ਸਭ ਤੋਂ ਵੱਡੀ ਲਾਪਰਵਾਹੀ ਨਜ਼ਰ ਆਉਂਦੀ ਹੈ।
ਸਟਾਫ ਦੀ ਮਿਲੀਭੁਗਤ ਦਾ ਨਤੀਜਾ ਨਾਭਾ ਜੇਲ ਕਾਂਡ
ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਨੇ ਨਾਭਾ ਜੇਲ ਬ੍ਰੇਕ ਕਾਂਡ ‘ਤੇ ਕਿਹਾ ਕਿ ਸਟਾਫ ਅਤੇ ਅਧਿਕਾਰੀਆਂ ਦੇ ਕਿਸੇ ਨਾ ਕਿਸੇ ਰੂਪ ‘ਚ ਗੈਂਗਸਟਰਸ ਅਤੇ ਉਨ੍ਹਾਂ ਦੇ ਮੈਂਬਰਾਂ ਨਾਲ ਸੰਬੰਧ ਜ਼ਰੂਰ ਹੋਣਗੇ। ਬਿਨਾਂ ਜੇਲ ਸਟਾਫ ਦੇ ਗੈਂਗਸਟਰਸ ਦਾ ਫਰਾਰ ਹੋਣਾ ਸੰਭਵ ਨਹੀਂ ਸੀ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਸੂਬੇ ‘ਚ ਕਈ ਗੈਂਗਸਟਰ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ, ਸੂਬਾ ਪੁਲਸ ਨੂੰ ਬਿਨਾਂ ਕਿਸੇ ਦਬਾਅ ਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।
ਸੀ. ਬੀ. ਆਈ. ਜਾਂਚ ਦੀ ਉੱਠੀ ਮੰਗ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ ਬ੍ਰੇਕ ਕਾਂਡ ਦੀ ਜਾਂਚ ਸੀ. ਬੀ. ਆਈ. ਕੋਲੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿੱਖ ਕੇ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕੀਤੀ। ਗ੍ਰਹਿ ਮੰਤਰੀ ਨੂੰ ਕੈਪਟਨ ਨੇ ਲਿਖਿਆ ਹੈ ਕਿ ਪੰਜਾਬ ‘ਚ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਫਿਰ ਸ੍ਰੀ ਭਗਵਤ ਗੀਤਾ ਅਤੇ ਉਸ ਤੋਂ ਬਾਅਦ ਸ੍ਰੀ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਸੂਬੇ ਦੇ ਡੀ. ਜੀ. ਪੀ. ਨੇ 52 ਗੈਂਗ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਕਿਹਾ ਕਿ ਸਰਕਾਰ ਵੋਟਾਂ ਦੇ ਧਰੁਵੀਕਰਨ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਪਹਿਲਾਂ ਹੀ ਮਾਮਲੇ ‘ਚ ਸਾਜਿਸ਼ ਤੇ ਮਿਲੀਭੁਗਤ ਦੀ ਗੱਲ ਕਹਿ ਚੁੱਕੇ ਹਨ ਅਤੇ ਅਜਿਹੇ ‘ਚ ਇਸ ਮਾਮਲੇ ਦੀ ਜਾਂਚ ਸੂਬਾ ਪੁਲਸ ਵੱਲੋਂ ਨਹੀਂ ਕੀਤੀ ਜਾਣੀ ਚਾਹੀਦੀ, ਸਗੋਂ ਇਸ ਦੀ ਸੁਤੰਤਰ ਜਾਂਚ ਲਈ ਸੀ. ਬੀ. ਆਈ. ਨੂੰ ਸੌਂਪ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨਿਕ ਵਿਵਸਥਾ ਅਕਾਲੀਆਂ ਦੇ ਹੱਥਾਂ ‘ਚ ਹੈ ਅਤੇ ਚੋਣਾਂ ਨੂੰ ਨੇੜੇ ਦੇਖਦੇ ਹੋਏ ਕਾਨੂੰਨ ਵਿਵਸਥਾ ਦੇ ਵਿਗੜਨ ਸੰਬੰਧੀ ਘਟਨਾਵਾਂ ਦਾ ਹੋਣਾ ਮੁਮਕਿਨ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਜਾਵੇ ਤਾਂ ਕਿ ਜਨਤਾ ਦੇ ਮਨ ‘ਚੋਂ ਡਰ ਨੂੰ ਕੱਢਿਆ ਜਾ ਸਕੇ।

Leave a Reply