
****** ਅੱਜ ਦੀ ਅਖਬਾਰ *********
ਕਿੱਥੇ ਕਿੱਥੇ ਸਿਵ੍ਹੇ ਮੱਚੇ ਨੇ ਕਿੱਥੇ ਹੋਈ ਗੈਂਗਵਾਰ ਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਹੈ।
ਕਿੱਥੇ ਧਰਨੇ ਲੱਗੇ ਨੇ ਕਿੰਨੀ ਦੁਨੀਆਂ ਸੜਕਾਂ ਤੇ ਬੇਰੁਜਗਾਰ ਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਕਿੰਨੇ ਲੋਕਾਂ ਨੇ ਫਾਹੇ ਲਏ ਨੇ ਕੀਹਨੂੰ ਕੀਹਨੂੰ ਮਹਿੰਗਾਈ ਮਾਰ ਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਕਿੰਨੀਆਂ ਘੁੱਗੀਆਂ ਬੇ ਪੱਤ ਹੋਈਆਂ ਕਿੱਥੇ ਕਾਵਾਂ ਦੀ ਡਾਰ ਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਨਸ਼ਿਆਂ ਨਾਲ ਮਰੇ ਕਿੰਨਿਆ ਦਾ ਕਰ ਸਸਕਾਰ ਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਕਿੱਥੇ ਕਿੱਥੇ ਕਰਕੇ ਸੰਗਤ ਦਰਸ਼ਨ ਸਰਕਾਰ ਆਈ
ਜਰੇ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਕਿਸ ਬਲੈਕੀਏ ਨੂੰ ਬਣਾ ਕੇ ਜੱਥੇਦਾਰ ਲਿਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਹਾਕਮਾਂ ਦੀ ਕੌਲੀ ਚੱਟ ਆਗਿਆਕਾਰ ਆਈ ਏ
ਜਰਾ ਪੜ੍ਹੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਕਾਲੇ ਅੱਖਰਾਂ ਵਿੱਚ ਰੱਤ ਲਿੱਬੜੀ ਸਮਾਂਚਾਰ ਆਈ ਏ
ਜਰ੍ਹਾ ਪੜੋ ਤੇ ਸਹੀ ਜੋ ਅੱਜ ਅਖਬਾਰ ਆਈ ਏ।
ਬਲਦੇਵ ਸਿੰਘ ( ਦੇਵ ) 9417343452
===========================
****** ਖੁਦ ਨੂੰ ਜਿੱਤ *******
ਤੂੰ ਪੂਰਬ ਪੱਛਮ
ਉੱਤਰ ਦੱਖਣ
ਮੱਕਾ ਕਾਸ਼ੀ
ਅਮ੍ਰਿੰਤਸਰ
ਕਿਤੇ ਵੀ ਜਾ
ਇਹ ਧਿਆਨ ਰੱਖੀਂ
ਕਿ ਤੂੰ ਇਹ
ਯਾਤਰਾ
ਸਭ ਤੋਂ ਪਹਿਲਾਂ
ਆਪਣੇ ਅੰਦਰੋ ਸ਼ੁਰੂ ਕਰਨੀ ਹੈ।
ਤੂੰ
ਬਾਈਬਲ ਕੁਰਾਨ ਗੀਤਾ
ਸ਼੍ਰੀ ਗੁਰੂ ਗ੍ਰੰਥ ਸਾਹਿਬ
ਕੁਝ ਵੀ ਪੜਨਾ ਹੈ
ਸਭ ਤੋਂ ਪਹਿਲਾ ਪੜ੍ਹਾਈ
ਆਪਣੇ ਮਨ ਤੋਂ ਸ਼ੁਰੂ ਕਰਨੀ ਹੈ।
ਤੂੰ ਕਿਤੇ ਵੀ ਇਸ਼ਨਾਨ ਕਰ ਸਕਦਾ ਹੈ
ਪਰ ਇਹ ਧਿਆਨ ਰੱਖੀਂ
ਸਭ ਤੋਂ ਪਹਿਲਾ ਸਫਾਈ ਮਨ ਤੋਂ ਸ਼ੂਰੂ ਕਰਨੀ ਹੈ।
ਤੂੰ ਕਿਤੇ ਵੀ ਜਾ ਸਕਦਾ ਹੈ
ਕਿਤੇ ਵੀ ਪਹੁੰਚ ਸਕਦਾ ਹੈ
ਪਰ ਤੇਰਾ ਸਫਰ ਵਿਅਰਥ ਹੈ
ਜਦ ਤੱਕ ਤੂੰ ਆਪਣੇ ਅੰਦਰ ਤੱਕ ਨਹੀ ਪਹੁੰਚ ਸਕਦਾ।
ਤੂੰ ਕਿਸੇ ਵੀ ਚੋਟੀ ਤੇ ਜਿੱਤ ਦੇ ਝੰਡੇ ਗੱਡ ਸਕਦਾ ਹੈ
ਪਰ ਅਸਲ ਜਿੱਤ ਦੇ ਲਈ
ਖੁਦ ਨੂੰ ਜਿੱਤ।।
ਬਲਦੇਵ ਸਿੰਘ ( ਦੇਵ ) 9417343452
============================
********* ਦਰਦ ********
ਦਰਦ ਕੱਲੀ ਛੱਡ ਕੇ ਗਈ ਮਸ਼ੂਕ ਦਾ ਈ ਨਹੀ ਹੁੰਦਾ
ਦਰਦ ਤਾਂ ਦਰਦ ਹੁੰਦਾ ਹੈ
ਕਿਸੇ ਸ਼ਾਹੂਕਾਰ ਤੋਂ ਖਾਲੀ ਹੱਥ ਮੁੜੇ
ਬਾਪ ਦਾ ਵੀ ਦਰਦ ਹੁੰਦਾ ਹੈ।
ਮੰਡੀਆ ਵਿੱਚ ਮਹੀਨਾ ਮਹੀਨਾ
ਕੰਡ ਖਾਣੀ ਵੀ ਦਰਦ ਹੁੰਦਾ ਹੈ।
ਕਿਸੇ ਗਰੀਬ ਦੇ ਘਰ ਜਦ ਧੀ ਜਵਾਨ ਹੁੰਦੀ ਹੈ
ਉਸਦੀਆਂ ਅੱਖਾਂ ਵਿੱਚ ਮਰਿਆ ਖੁਆਬ ਵੀ ਦਰਦ ਹੁੰਦਾ।
ਜਦ ਲਾਲ ਬੱਤੀ ਸੜਕ ਤੇ ਹੂਟਰ ਮਾਰਦੀ ਹੈ
ਉੱਸੇ ਸੜਕ ਤੇ ਸੀਵਰੇਜ ਸਾਫ ਰਹੇ ਕਾਮੇ ਦੀ ਹਿੱਕ ਵਿੱਚ ਵੀ ਦਰਦ ਹੁੰਦਾ ਹੈ।
ਜਦੋਂ ਬੈਕਾਂ ਜਮੀਨ ਨਿਲਾਮ ਕਰਦੀਆਂ ਹਨ ਤਾਂ
ਜੱਟ ਦੇ ਦਿਲ ਵਿਚਲਾ ਦਰਦ ਕੋਈ ਕਲਮ ਬਿਆਨ ਨਹੀਂ ਕਰ ਸਕਦੀ।
ਮਸ਼ੂਕਾਂ ਦੀ ਹਿੱਕ ਮਿਣਨ ਵਾਲੇ ਕਿਹੜੇ ਦਰਦ ਦੀ ਗੱਲ ਕਰਦੇ ਨੇ
ਦਰਦ ਦੇਖਣਾ ਹੈ ਤਾਂ ਉਸ ਮਾਂ ਦੀ ਹਿੱਕ ਵਿੱਚ ਦੇਖੋ
ਜਿਸਦਾ ਪੁੱਤ ਖੇਡਣ ਗਿਆ ਲਾਸ਼ ਬਣਕੇ ਘਰ ਆਇਆ ਹੈ।
ਦਰਦ ਉਹ ਵੀ ਹੁੰਦਾ ਹੈ।।
ਜਦੋ ਕੋਈ ਕਾਮਾ ਸਾਰਾ ਦਿਨ ਹੱਡ ਤੋੜਕੇ ਵੀ
ਰਾਤ ਨੂੰ ਭੁੱਖਾ ਸੌਂਦਾ ਹੈ।।
ਦਰਦ ਉਹ ਵੀ ਹੁੰਦਾ ਹੈ
ਜਦ ਪੜ੍ਹ ਲਿਖ ਕੇ ਵੀ
ਕੋਈ ਨੌਕਰੀ ਲਈ ਪੁਲਸ ਤੋਂ ਡੰਡੇ ਖਾਂਦਾ ਹੈ
ਤੇ ਚੁੰਨੀਆਂ ਪੜਵਾਉਂਦਾ ਹੈ
ਜਾਂ ਵਿਦੇਸ਼ਾ ਵਿੱਚ ਰੁਲਦਾ ਹੈ।।
ਦਰਦ ਦੇਖਣਾ ਹੈ ਤਾਂ
ਫੁੱਟਪਾਥ ਤੇ ਪਏ ਕਿਸੇ ਅਨਾਥ ਤੋਂ ਪੁੱਛ ਕੇ ਦੇਖ
ਕਿ ਰਾਤ ਠੰਡ ਕਿੰਨੀ ਕੁ ਸੀ
ਦਰਦ ਕੱਲੀ ਛੱਡ ਕੇ ਗਈ ਮਸ਼ੂਕ ਦਾ ਈ ਨਹੀਂ ਹੁੰਦਾ।।।।
ਬਲਦੇਵ ਸਿੰਘ ( ਦੇਵ ) 9417343452
==========================
*********** ਜਾਗ੍ਰਤੀ ***********
ਹੱਕ ਤਾਂ ਹੱਕ ਨੇ ਲੈਣ ਵਾਲੇ ਅੜਕੇ ਲੈਂਦੇ ਨੇ
ਬਾਗੀ ਖੂਨ ਕਦੋਂ ਦਬਕੇ ਸਹਿੰਦੇ ਨੇ
ਹੱਕਾਂ ਲਈ ਉੱਠ ਖੜਦੇ ਨੇ ਜਦ ਸਾਡੇ ਹੱਥ
ਫਿਰ ਦਰਬਾਰਾਂ ਨੂੰ ਵਖਤ ਪੈਂਦੇ ਨੇ।
ਤੂੰ ਜਿੰਨਾ ਨੂੰ ਦੀਵੇ ਸਮਝਦਾ ਏ
ਇਹ ਸੂਰਜ ਵੀ ਬਣ ਜਾਂਦੇ ਨੇ
ਇਹਨਾਂ ਦੇ ਸੇਕ ਅੱਗੇ
ਵੱਡੇ ਵੱਡੇ ਥੰਮ ਝੜ ਝੜ ਪੈਂਦੇ ਨੇ
ਅੱਜ ਅਸੀ ਚੁੱਪ ਹਾਂ
ਤੇ ਤੂੰ ਬੋਲਦਾ ਏ
ਜਦ ਅਸੀ ਬੋਲਣ ਤੇ ਆ ਗਏ
ਤੈਨੂੰ ਫਿਰ ਸਮਝ ਆਊ ਬੋਲਣਾ ਕੀਹਨੂੰ ਕਹਿੰਦੇ ਨੇ।
ਤੂੰ ਜਿੱਥੇ ਬੈਠ ਭਾਸ਼ਨ ਦਿੰਨਾ ਏ
ਇਹ ਕੰਧਾ ਜਿਆਦਾ ਉੱਚੀਆਂ ਨਹੀ
ਉਹਨਾਂ ਦਾ ਧੱਕਾ ਖਤਰਨਾਕ ਹੁੰਦਾ
ਜੋ ਜਨਮ ਤੋਂ ਧੱਕੇ ਸਹਿੰਦੇ ਨੇ
ਅੱਜ ਤੇਰੇ ਪੱਖ ਵਿੱਚ ਜੋ ਵਗਦੀ ਹੈ
ਇਹ ਹਵਾ ਦਾ ਰੁੱਖ ਅਸੀਂ ਮੋੜਾਂਗੇ
ਸਾਡੇ ਜਿਗਰੇ ਦਰਿਆ ਨੇ
ਦਰਿਆ ਕਦੋ ਕਿਸੇ ਦੀ ਰਜਾ ਵਿੱਚ ਵਹਿੰਦੇ ਨੇ ।
ਬਲਦੇਵ ਸਿੰਘ ( ਦੇਵ ) 9417343452